ਰੇਹੜੀ-ਢਾਬਿਆਂ ’ਤੇ ਹੋ ਰਹੀ ਘਰੇਲੂ ਗੈਸ ਦੀ ਵਰਤੋਂ, ਪ੍ਰਸ਼ਾਸਨ ਤੇ ਵਿਭਾਗ ਅਣਜਾਣ
ਗੈਸ ਕਿੱਲਤ ਦੇ ਬਾਵਜੂਦ ਰੇਹੜੀ ਢਾਬਿਆਂ ਤੇ ਹੋ ਰਹੀ ਘਰੇਲੂ ਗੈਸ ਦੀ ਦੁਰਵਰਤੋਂ, ਪ੍ਰਸ਼ਾਸਨ ਤੇ ਵਿਭਾਗ ਅਣਜਾਣ
Publish Date: Fri, 20 Mar 2026 08:55 PM (IST)
Updated Date: Fri, 20 Mar 2026 08:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਇਕ ਪਾਸੇ ਗੈਸ ਦੀ ਕਿੱਲਤ ਕਾਰਨ ਗੈਸ ਏਜੰਸੀ ਦੇ ਬਾਹਰ ਰੋਜ਼ਾਨਾ ਲੱਗ ਰਹੀਆਂ ਲੰਬੀਆਂ ਲਾਈਨਾਂ ਕਾਰਨ ਖ਼ਪਤਕਾਰ ਬਹੁਤ ਪਰੇਸ਼ਾਨ ਹੈ ਪਰ ਦੂਜੇ ਪਾਸੇ ਘਰੇਲੂ ਗੈਸ ਸਿਲੰਡਰਾਂ ਦੀ ਹੋ ਰਹੀ ਦੁਰਵਰਤੋਂ ਕਾਰਨ ਪ੍ਰਸ਼ਾਸਨ ਤੇ ਫੂਡ ਸਿਵਲ ਸਪਲਾਈ ਵਿਭਾਗ ਅਣਜਾਣ ਹੈ। ਜ਼ਿਕਰਯੋਗ ਹੈ ਕਿ ਮੱਧ ਪੂਰਬ ਵਿਚ ਜੰਗ ਕਾਰਨ ਗੈਸ ਸੰਕਟ ਹੋਣ ਕਾਰਨ ਜਿਥੇ ਬੁਕਿੰਗ ਕਰਨ ਤੋਂ ਬਾਅਦ ਵੀ ਬਹੁਤ ਸਾਰੇ ਲੋਕਾਂ ਨੂੰ ਕਈ-ਕਈ ਦਿਨ ਸਿਲੰਡਰ ਨਹੀਂ ਮਿਲ ਰਿਹਾ, ਉਥੇ ਦੂਜੇ ਪਾਸੇ ਰੇਹੜੀ-ਢਾਬਿਆਂ ’ਤੇ ਲੱਗੇ ਘਰੇਲੂ ਸਿਲੰਡਰ ਵਿਭਾਗ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ। ਕਈ-ਕਈ ਘੰਟੇ ਕਤਾਰਾਂ ਵਿਚ ਲੱਗਣ ਤੋਂ ਬਾਅਦ ਜਦੋਂ ਖਪਤਕਾਰ ਨੂੰ ਸਿਲੰਡਰ ਨਹੀਂ ਮਿਲਦਾ ਤਾਂ ਉਹ ਨਿਰਾਸ਼ ਹੋਇਆ ਜਦੋਂ ਰੇਹੜੀਆਂ ’ਤੇ ਲੱਗੇ ਘਰੇਲੂ ਸਿਲੰਡਰ ਵੇਖਦਾ ਹੈ ਤਾਂ ਉਹ ਪ੍ਰਸ਼ਾਸਨ ਤੋਂ ਪੁੱਛਦਾ ਹੈ ਕਿ ਇਹ ਕਿਵੇਂ ਘਰੇਲੂ ਸਿਲੰਡਰ ਦੀ ਵਰਤੋਂ ਕਰ ਰਹੇ ਹਨ। ਇਥੇ ਹੀ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕੇਂਦਰ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰੇਲੂ ਸਿਲੰਡਰਾਂ ਦੀ ਕਾਲਾਬਜ਼ਾਰੀ ਤੇ ਜਮਾਂਖੋਰੀ ਕਰਨ ਵਾਲੇ ਲੋਕਾਂ ਖਿਲਾਫ ਐਸ਼ੈਂਸੀਐਲ ਕਮੋਡਿਟੀਜ਼ ਐਕਟ 1955 ਦੇ ਤਹਿਤ ਸਖਤ ਕਾਰਵਾਈ ਕਰਨ ਸਬੰਧੀ ਸਾਰੇ ਦਾਅਵੇ ਹਵਾ ਵਿਚ ਉੱਡ ਗਏ ਹਨ। ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ’ਤੇ ਬਿਲਕੁਲ ਵੀ ਤਵੱਜੋ ਨਾ ਦੇਣਾ ਅਧਿਕਾਰੀਆਂ ’ਤੇ ਸਵਾਲ ਪੈਦਾ ਕਰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੰਕਟ ਦੇ ਇਸ ਦੌਰ ਵਿਚ ਜਿਥੇ ਆਮ ਘਰੇਲੂ ਗੈਸ ਖਪਤਕਾਰ ਇਕ ਸਿਲੰਡਰ ਲੈਣ ਲਈ ਲਾਈਨਾਂ ਵਿਚ ਖੜੇ ਹਨ, ਉੱਥੇ ਹੀ ਦੂਜੇ ਪਾਸੇ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਤੇ ਕਾਲਾਬਜ਼ਾਰੀ ਕਰਨ ਵਾਲੇ ਲੋਕ ਸ਼ਰੇਆਮ ਨਿਯਮਾਂ ਨਾਲ ਖਿਲਵਾੜ ਕਰ ਰਹੇ ਹਨ ਜੋ ਕਿ ਕਾਨੂੰਨੀ ਜੁਰਮ ਹੈ। ਕਿਸੇ ਨੂੰ ਦੁਰਵਰਤੋਂ ਕਰਨ ਦੀ ਨਹੀਂ ਦਿੱਤੀ ਜਾਵੇਗੀ ਇਜਾਜ਼ਤ : ਏਐੱਫਐੱਸਓ ਇਸ ਸਬੰਧੀ ਵਿਭਾਗ ਦੇ ਏਐੱਫਐੱਸਓ ਅਮਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੈਸ ਦੀ ਕੋਈ ਵੀ ਕਮੀ ਨਹੀਂ ਹੈ, ਜਿਨ੍ਹਾਂ ਖਪਤਕਾਰਾਂ ਦੀ ਆਨਲਾਈਨ ਬੁਕਿੰਗ ਹੋਈ ਹੈ, ਉਨ੍ਹਾਂ ਨੂੰ ਸਿਲੰਡਰ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਬਿਨਾਂ ਮਤਲਬ ਤੋਂ ਰੌਲਾ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਗੈਸ ਸਪਲਾਈ ਰੋਜ਼ਾਨਾ ਆ ਰਹੀ ਹੈ। ਰੇਹੜੀ ਤੇ ਢਾਬਿਆਂ ’ਤੇ ਘਰੇਲੂ ਗੈਸ ਦੀ ਦੁਰਵਰਤੋਂ ਬਾਰੇ ਅਮਨ ਕੁਮਾਰ ਨੇ ਕਿਹਾ ਕਿ ਇਹ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪਹਿਲਾਂ ਵੀ ਛਾਪੇਮਾਰੀ ਕਰਕੇ ਅਜਿਹੇ ਸਿਲੰਡਰ ਜ਼ਬਤ ਕੀਤੇ ਗਏ ਹਨ ਤੇ ਹੁਣ ਵੀ ਅਜਿਹੇ ਕਿਸੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।