ਡਿਪਟੀ ਕਮਿਸ਼ਨਰ ਨੇ ਲਿਆ ਵਿਰਾਸਤੀ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ
ਡਿਪਟੀ ਕਮਿਸ਼ਨਰ ਵੱਲੋਂ ਪ੍ਰਸ਼ਾਸਕੀ ਕੰਪਲੈਕਸ ਵਿਖੇ ਵਿਰਾਸਤੀ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ
Publish Date: Wed, 11 Mar 2026 09:20 PM (IST)
Updated Date: Wed, 11 Mar 2026 09:21 PM (IST)
--20 ਤੋਂ 22 ਮਾਰਚ ਤੱਕ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ ਵਿਰਾਸਤੀ ਮੇਲਾ
--ਅਧਿਕਾਰੀਆਂ ਨੂੰ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਅੱਜ ਪ੍ਰਸ਼ਾਸਕੀ ਕੰਪਲੈਕਸ ਵਿਖੇ ਕਰਵਾਏ ਜਾ ਰਹੇ ਵਿਰਾਸਤੀ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ 20 ਤੋਂ 22 ਮਾਰਚ 2026 ਤੱਕ ਇਹ ਮੇਲਾ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਤਿਆਰੀਆਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਵਿਰਾਸਤੀ ਮੇਲਾ ਸਾਡੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਦਾ ਇਕ ਮਹੱਤਵਪੂਰਨ ਮੰਚ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣ। ਇਸ ਦੇ ਨਾਲ ਹੀ ਉਨ੍ਹਾਂ ਸਟੇਡੀਅਮ ਦੇ ਅੰਦਰ ਤੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ, ਸਿਹਤ, ਸੁਰੱਖਿਆ, ਪਾਰਕਿੰਗ ਤੇ ਹੋਰ ਜ਼ਰੂਰੀ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੇ ਹੁਕਮ ਵੀ ਦਿੱਤੇ ਤੇ ਨਾਲ ਹੀ ਮੇਲੇ ਦੌਰਾਨ ਸੱਭਿਆਚਾਰਕ ਪ੍ਰੋਗਰਾਮਾਂ, ਪ੍ਰਦਰਸ਼ਨੀਆਂ ਤੇ ਹੋਰ ਗਤੀਵਿਧੀਆਂ ਨੂੰ ਲੈ ਕੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੇਲਾ ਸਮੂਹ ਜ਼ਿਲ੍ਹਾ ਵਾਸੀਆਂ ਲਈ ਇਕ ਯਾਦਗਾਰੀ ਅਨੁਭਵ ਹੋਵੇਗਾ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇਸ ਵਿਰਾਸਤੀ ਮੇਲੇ ਨੂੰ ਸਫ਼ਲ ਬਣਾਇਆ ਜਾ ਸਕੇ।
--ਵਿਰਾਸਤੀ ਮੇਲਾ-2026 ‘ਚ ਪ੍ਰਸਿੱਧ ਲੋਕ ਗਾਇਕਾਂ ਵੱਲੋਂ ਕੀਤੀਆਂ ਜਾਣਗੀਆਂ ਪੇਸ਼ਕਾਰੀਆਂ-
ਮੇਲੇ ਵਿਚ 20 ਮਾਰਚ 2026 ਨੂੰ ਸਟਾਰ ਨਾਈਟ ’ਤੇ ਗੁਰਨਾਮ ਭੁੱਲਰ ਵੱਲੋਂ ਆਪਣੀ ਗਾਇਕੀ ਦੀ ਪੇਸ਼ਕਾਰੀ ਦਿੱਤੀ ਜਾਵੇਗੀ। ਇਸੇ ਤਰ੍ਹਾਂ 21 ਮਾਰਚ ਨੂੰ ਸਿਕੰਦਰ ਸਲੀਮ ਤੇ 22 ਮਾਰਚ ਨੂੰ ਕਨਵਰ ਗਰੇਵਾਲ ਵੱਲੋਂ ਆਪਣੀ ਗੀਤਕਾਰੀ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਮੇਲੇ ਦੌਰਾਨ ਰਵਾਇਤੀ ਪੰਜਾਬੀ ਲੋਕ ਨਾਚ ਜਿਵੇਂ ਭੰਗੜਾ ਤੇ ਗਿੱਧਾ, ਹੱਥ-ਕਲਾ ਦੀਆਂ ਨੁਮਾਇਸ਼ਾਂ, ਸਥਾਨਕ ਵਿਸ਼ੇਸ਼ ਪਕਵਾਨਾਂ ਦੇ ਸਟਾਲ ਤੇ ਸੱਭਿਆਚਾਰਕ ਪ੍ਰੋਗਰਾਮਾਂ ਤੋਂ ਇਲਾਵਾ ਬੱਚਿਆਂ ਤੇ ਨੌਜਵਾਨਾਂ ਲਈ ਵਿਸ਼ੇਸ਼ ਗਤੀਵਿਧੀਆਂ ਵੀ ਰੱਖੀਆਂ ਗਈਆਂ ਹਨ, ਤਾਂ ਜੋ ਉਹ ਆਪਣੀ ਜੜ੍ਹਾਂ ਨਾਲ ਜੁੜ ਸਕਣ।