ਡਿਪਟੀ ਕਮਿਸ਼ਨਰ ਨੇ ਕਣਕ ਦੀ ਸੁਚੱਜੀ ਖਰੀਦ ਦੇ ਦਿੱਤੇ ਨਿਰਦੇਸ਼
ਡਿਪਟੀ ਕਮਿਸ਼ਨਰ ਨੇ ਕਣਕ ਦੀ ਸੁਚੱਜੀ ਖਰੀਦ ਲਈ ਦਿੱਤੇ ਨਿਰਦੇਸ਼
Publish Date: Tue, 31 Mar 2026 10:15 PM (IST)
Updated Date: Tue, 31 Mar 2026 10:19 PM (IST)

--ਜ਼ਿਲ੍ਹੇ ਦੀਆਂ ਮੰਡੀਆਂ ’ਚ 3.11 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਅਗਲੇ ਦਿਨਾਂ ਤੋਂ ਮੰਡੀਆਂ ਵਿਚ ਕਣਕ ਦੀ ਹੋਣ ਵਾਲੀ ਆਮਦ ਦੇ ਮੱਦਨੇਜ਼ਰ ਅਧਿਕਾਰੀਆਂ ਨੂੰ ਮੰਡੀਆਂ ਵਿਚ ਕਿਸਾਨਾਂ, ਲੇਬਰ ਤੇ ਆੜ੍ਹਤੀਆਂ ਲਈ ਢੁਕਵੇਂ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਹਦਾਇਤ ਕੀਤੀ ਕਿ ਕਣਕ ਦੀ ਸੁਚਾਰੂ ਤਰੀਕੇ ਨਾਲ ਖਰੀਦ ਲਈ ਮੰਡੀਆਂ ਵਿਚ ਸਾਫ ਸਫਾਈ, ਪੀਣ ਵਾਲੇ ਪਾਣੀ, ਕਿਸਾਨਾਂ ਦੇ ਬੈਠਣ ਆਦਿ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਪੱਕੇ ਤੌਰ ’ਤੇ 42 ਮੰਡੀਆਂ ਤੋਂ ਇਲਾਵਾ ਆਰਜ਼ੀ ਮੰਡੀਆਂ ਵੀ ਸਥਾਪਿਤ ਕੀਤੀਆਂ ਜਾਣਗੀਆਂ, ਜਿਥੇ ਲੋੜੀਂਦੀਆਂ ਸਹੂਲਤਾਂ ਉਪਲਬਧ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਮੌਜੂਦਾ ਸੀਜ਼ਨ ਦੌਰਾਨ ਮੰਡੀਆਂ ਵਿਚ 3.11 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਲੋੜੀਂਦੇ ਬੰਦੋਬਸਤ ਅਮਲ ਵਿਚ ਲਿਆ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੂਹ ਖਰੀਦ ਏਜੰਸੀਆਂ ਮਾਰਕਫੈਡ, ਕੇਂਦਰੀ ਖੁਰਾਕ ਨਿਗਮ, ਪਨਗਰੇਨ, ਪਨਸਪ, ਵੇਅਰਹਾਊਸ ਕਾਰਪੋਰੇਸ਼ਨ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਖਰੀਦ ਲਈ ਲੋੜ ਅਨੁਸਾਰ ਬਾਰਦਾਨਾ ਤੇ ਬਾਕੀ ਪ੍ਰਬੰਧ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਨੇ ਐੱਸਡੀਐੱਮਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪੋ-ਆਪਣੇ ਇਲਾਕਿਆਂ ਵਿਚ ਨਿੱਜੀ ਤੌਰ ’ਤੇ ਸਮੁੱਚੇ ਖਰੀਦ ਪ੍ਰਬੰਧਾਂ ਦੀ ਨਿਗਰਾਨੀ ਰੱਖਣ ਤਾਂ ਜੋ ਕਿਸੇ ਨੂੰ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।