ਤਰੱਕੀਆਂ ’ਚ ਹੋ ਰਹੀਆਂ ਧਾਂਦਲੀਆਂ ਸਬੰਧੀ ਦਿੱਤਾ ਮੰਗ ਪੱਤਰ
ਪਦ ਉਨਤੀ ਵਿੱਚ ਹੋ ਰਹੀਆਂ ਧਾਂਦਲੀਆਂ ਸਬੰਧੀ ਐਮ.ਪੀ ਡਾ.ਰਾਜ ਕੁਮਾਰ ਚੱਬੇਵਾਲ ਨੂੰ ਦਿੱਤਾ ਮੰਗ ਪੱਤਰ
Publish Date: Sun, 03 May 2026 07:50 PM (IST)
Updated Date: Sun, 03 May 2026 07:53 PM (IST)
ਐੱਮਪੀ ਡਾ. ਰਾਜ ਕੁਮਾਰ ਚੱਬੇਵਾਲ ਨੂੰ ਮਿਲਿਆ ਬਹੁਜਨ ਸੰਘਰਸ਼ ਆਰਗਨਾਈਜੇਸ਼ਨ ਆਫ ਇੰਡੀਆ ਦਾ ਵਫਦ
ਫਗਵਾੜਾ : ਫਗਵਾੜਾ ਵਿਖੇ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਨੂੰ ਬਹੁਜਨ ਸੰਘਰਸ਼ ਆਰਗਨਾਈਜੇਸ਼ਨ ਆਫ ਇੰਡੀਆ ਦਾ ਵਫਦ ਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਫ਼ਸਰ ਮਿਲੇ। ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਅਦਾਰਿਆਂ ਅੰਦਰ ਰਿਜ਼ਰਵ ਅਧਿਕਾਰੀਆਂ ਨਾਲ ਹੋ ਰਹੀਆਂ ਬੇਇਨਸਾਫੀਆਂ ਤੋਂ ਜਾਣੂ ਕਰਵਾਇਆ ਗਿਆ। ਭੂਮੀ ਤੇ ਜਲ ਸੰਭਾਲ ਵਿਭਾਗ ਵਿਚ ਭੂਮੀ ਰੱਖਿਆ ਅਫ਼ਸਰ ਤੋਂ ਉਪ ਮੰਡਲ ਭੂਮੀ ਰੱਖਿਆ ਅਫ਼ਸਰ ਦੀਆਂ ਤਰੱਕੀਆਂ ਵਿਚ ਰਿਜ਼ਰਵੇਸ਼ਨ ਨੀਤੀ ਦੀ ਉਲੰਘਣਾ ਕੀਤੀ ਗਈ ਤੇ ਪੰਜ ਅਧਿਕਾਰੀ ਦਾ ਸ਼ਰੇਆਮ ਹੱਕ ਮਾਰਿਆ ਗਿਆ, ਜਦੋਂਕਿ ਸਮਾਜਿਕ ਨਿਆਂ ਵਿਭਾਗ ਪੰਜਾਬ ਵੱਲੋਂ ਦਿੱਤੀਆਂ ਰੋਸਟਰ ਰਿਪੋਰਟਾਂ ਵਿਚ 5 ਪੋਸਟਾਂ ਭਰਨ ਸਬੰਧੀ ਕਈ ਵਾਰ ਹਦਾਇਤ ਕੀਤੀ ਗਈ ਹੈ। ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਰਿਜ਼ਰਵੇਸ਼ਨ ਪਾਲਸੀ ਦੀਆਂ ਡੀਪੀਸੀ ਵਿਚ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਖੇਤੀਬਾੜੀ ਵਿਭਾਗ ਵਿਚ ਖੇਤੀਬਾੜੀ ਵਿਕਾਸ ਅਫਸਰ ਤੋਂ ਖੇਤੀਬਾੜੀ ਅਫਸਰ ਦੇ 19 ਬੈਕਲਾਗ 2020 ਤੋਂ ਖਾਲੀ ਹਨ, ਜਿਸ ਨੂੰ ਵੀ ਜਾਣ ਬੁੱਝ ਕੇ ਸਬੰਧਤ ਵਿਭਾਗ ਵੱਲੋਂ ਭਰਿਆ ਨਹੀਂ ਜਾ ਰਿਹਾ ਹੈ। ਬਾਗਬਾਨੀ ਵਿਭਾਗ ਵਿਚ ਵੀ ਸੀਨੀਅਰਤਾ ’ਤੇ ਤਰੱਕੀ ਲੈਣ ਵਾਲੇ ਅਧਿਕਾਰੀਆਂ ਨੂੰ ਰੋਸਟਰ ਪੁਆਇੰਟ ’ਤੇ ਦਰਸਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਅਨੁਸੂਚਿਤ ਜਾਤੀ ਦੇ ਅਧਿਕਾਰੀਆਂ ਦਾ ਹੱਕ ਮਾਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵਿਚ ਵੀ ਕਾਫੀ ਲੰਬੇ ਸਮੇਂ ਤੋਂ ਬੈਕਲਾਗ ਰਿਪੋਰਟ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵਿਚ ਸਬੰਧਤ ਅਧਿਕਾਰੀਆਂ ਵੱਲੋਂ ਇਸ ਬੇਇਨਸਾਫੀ ਵਿਰੁੱਧ ਗੁਹਾਰ ਲਗਾਈ ਗਈ, ਜਿਸ ਵਿਚ ਕਮਿਸ਼ਨ ਵੱਲੋਂ ਵੀ ਭੂਮੀ ਰੱਖਿਆ ਵਿਭਾਗ ਦੇ 2014 ਤੋਂ ਰੋਸਟਰ ਰਜਿਸਟਰ ਵਿਚ ਖਾਮੀਆਂ ਪਾਈਆਂ ਗਈਆਂ।
ਇਸ ਮੌਕੇ ਬਹੁਜਨ ਸੰਘਰਸ਼ ਆਰਗਨਾਈਜੇਸ਼ਨ ਆਫ ਇੰਡੀਆ ਸੰਸਥਾਪਕ ਤੇ ਚੇਅਰਮੈਨ ਰਜਿੰਦਰ ਘੇੜਾ, ਪੰਜਾਬ ਦੇ ਪ੍ਰਧਾਨ ਧਰਮਿੰਦਰ ਸਿੰਘ ਭੁੱਲਾਰਾਈ ਤੇ ਮਨੀਸ਼ ਮਹਿਮੀ ਤੇ ਸੁਰਿੰਦਰ ਰਾਵਲਪਿੰਡੀ ਨੇ ਕਿਹਾ ਕਿ ਜੇਕਰ 10/07/1995 ਦੀ ਸੰਵਿਧਾਨਿਕ ਰਿਪੋਰਟ ਦੀਆਂ ਹਦਾਇਤਾਂ ਨੂੰ ਤਰੱਕੀਆਂ ਦੌਰਾਨ ਜੇਕਰ ਲਾਗੂ ਨਹੀਂ ਕੀਤਾ ਜਾਂਦਾ ਤਾਂ ਸਬੰਧਤ ਵਿਭਾਗ ਖਿਲਾਫ ਸੰਸਥਾ ਵੱਲੋਂ ਮੁੱਖ ਦਫਤਰ ਵਿਖੇ ਅਨੁਸੂਚਿਤ ਜਾਤੀਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਾਲ ਲੈ ਕੇ ਧਰਨਾ ਲਗਾਇਆ ਜਾਵੇਗਾ।