ਸਕੂਲੀ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਸਰਕਾਰ : ਟੂਰਾ
ਸੈਂਸਜ਼ - 2027 ਲਈ ਅਧਿਆਪਕਾਂ ਦੀਆਂ ਲਗਾਈਆਂ ਧੜਾਧੜ ਡਿਊਟੀਆਂ ਸਬੰਧੀ ਵਫਦ ਡੀ ਸੀ ਕਪੂਰਥਲਾ ਨੂੰ ਮਿਲ਼ਿਆ
Publish Date: Tue, 28 Apr 2026 10:00 PM (IST)
Updated Date: Tue, 28 Apr 2026 10:04 PM (IST)

ਸੈਂਸਜ਼-2027 ਲਈ ਅਧਿਆਪਕਾਂ ਦੀਆਂ ਲਗਾਈਆਂ ਡਿਊਟੀਆਂ ਸਬੰਧੀ ਵਫਦ ਡੀਸੀ ਨੂੰ ਮਿਲਿਆ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਗਜ਼ਟਿਡ ਤੇ ਨਾਨ ਗਜ਼ਟਿਡ ਐੱਸਸੀ/ਬੀਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੀ ਇਕਾਈ ਕਪੂਰਥਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਸਤਵੰਤ ਟੂਰਾ, ਮਨਜੀਤ ਗਾਟ, ਲਖਵੀਰ ਚੰਦ ਤੇ ਬਲਵਿੰਦਰ ਨਿੱਧੜਕ ਦੀ ਅਗਵਾਈ ਅਧੀਨ ਫੈੱਡਰੇਸ਼ਨ ਦਾ ਇਕ ਵਫ਼ਦ ਮਰਦਮਸ਼ੁਮਾਰੀ ਅਧੀਨ ਲਗਾਈਆਂ ਜਾ ਰਹੀਆਂ ਡਿਊਟੀਆਂ ਨੂੰ ਲੈ ਕੇ ਅੱਜ ਜ਼ਿਲ੍ਹਾ ਡਿਪਟੀ ਕਮਿਸ਼ਨਰ ਕਪੂਰਥਲਾ ਆਈਏਐੱਸ ਆਕਾਸ਼ ਬਾਂਸਲ ਤੇ ਵਧੀਕ ਡਿਪਟੀ ਕਮਿਸ਼ਨਰ ਸਕੱਤਰ ਸਿੰਘ ਬੱਲ ਨੂੰ ਮਿਲਿਆ ਤੇ ਸਕੂਲਾਂ ਵਿਚ 50% ਅਧਿਆਪਕ ਸਟਾਫ ਦੀਆਂ ਡਿਊਟੀਆਂ ਮਰਦਮਸ਼ੁਮਾਰੀ ਵਿਚ ਨਾ ਲਾਉਣ ਸਬੰਧੀ ਲਿਖਤੀ ਮੰਗ ਪੱਤਰ ਵੀ ਸੌਂਪੇ। ਫੈਡਰੇਸ਼ਨ ਵੱਲੋਂ ਇਨ੍ਹਾਂ ਡਿਊਟੀਆਂ ਵਿਚ ਸਿਰਫ਼ ਅਧਿਆਪਕ ਵਰਗ ਨੂੰ ਹੀ ਨਹੀਂ ਬਲਕਿ ਬਾਕੀ ਵਿਭਾਗਾਂ ਵਿਚੋਂ ਵੀ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਉਣ ਲਈ ਕਿਹਾ ਗਿਆ, ਕਿਉਂਕਿ ਲਗਭਗ 90% ਸਟਾਫ ਦੀਆਂ ਡਿਊਟੀਆਂ ਸਿੱਖਿਆ ਵਿਭਾਗ ਵਿਚੋਂ ਲੱਗਣ ਕਾਰਨ ਸਕੂਲ ਅਧਿਆਪਕ ਵਰਗ ਤੋਂ ਖ਼ਾਲੀ ਹੋ ਜਾਣਗੇ, ਜਿਸ ਦਾ ਸਿੱਧਾ ਅਸਰ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਦੀ ਪੜ੍ਹਾਈ ਉੱਪਰ ਪਵੇਗਾ। ਫੈੱਡਰੇਸ਼ਨ ਵੱਲੋਂ ਕਪਲ ਕੇਸ, ਵਿਧਵਾ, ਅੰਗਹੀਣ ਕਰਮਚਾਰੀ ਤੇ ਸਿੰਗਲ ਮਹਿਲਾ ਮੁਲਾਜ਼ਮਾਂ ਨੂੰ ਛੋਟ ਦੇਣ ਬਾਰੇ, ਸਕੂਲੀ ਸਮੇਂ ਵਿਚ ਇਸ ਜਨਗਨਣਾ ਡਿਊਟੀ ਲਈ ਛੋਟ ਦੇਣ ਬਾਰੇ ਪੱਖ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗਰਮੀ ਵਧ ਰਹੀ ਹੈ ਉਸ ਸਮੇਂ ਸਕੂਲੀ ਡਿਊਟੀ ਤੋਂ ਬਾਅਦ ਆਮ ਤੌਰ ’ਤੇ ਪਿੰਡ ਸੁੰਨਸਾਨ ਹੋ ਜਾਂਦੇ ਹਨ ਤੇ ਕਰਮਚਾਰੀਆਂ ਦੀ ਸਕਿਓਰਟੀ ਵੀ ਕੋਈ ਨਹੀਂ, ਘਰਾਂ ਦੇ ਦਰਵਾਜ਼ੇ ਖੜਕਾਉਣ ਲਈ ਅਧਿਆਪਕਾਂ ਨੂੰ ਮਜਬੂਰ ਨਾ ਕਰਨ। ਸਗੋਂ ਅੱਧਾ ਸਮਾਂ ਸਕੂਲ ਸਮੇਂ ਵਿਚੋਂ ਛੋਟ ਦੇਣ ਤਾਂ ਕਿ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਨਾ ਹੋਵੇ ਤੇ ਮਰਦਮਸ਼ੁਮਾਰੀ ਦਾ ਕੰਮ ਵੀ ਚਲਦਾ ਰਹੇ। ਫੈੱਡਰੇਸ਼ਨ ਵੱਲੋਂ ਕਰਮਚਾਰੀਆਂ ਨੂੰ ਇਕ ਕਰੋੜ ਦਾ ਬੀਮਾ ਕਵਰ ਦੇਣ ਲਈ ਵੀ ਕਿਹਾ ਗਿਆ। ਫੈਡਰੇਸ਼ਨ ਵੱਲੋਂ ਸਟੇਟਸ ਅਨੁਸਾਰ ਡਿਊਟੀ ਲਗਾਉਣ ਦੀ ਗੱਲ ਵੀ ਆਖੀ ਗਈ, 31 ਮਾਰਚ 2027 ਤੱਕ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ। ਸੈਂਸਜ਼ ਸਰਵੇਅਰ ਤੇ ਸੁਪਰਵਾਈਜ਼ਰ ਲਾਉਣ ਸਮੇਂ ਕਰਮਚਾਰੀ ਦੇ ਕੇਡਰ ਅਤੇ ਸੀਨੀਆਰਤਾ ਨੂੰ ਮੁੱਖ ਰੱਖਿਆ ਜਾਵੇ। ਫੈੱਡਰੇਸ਼ਨ ਵੱਲੋਂ ਰੱਖੇ ਗਏ ਤਰਕ ਨੂੰ ਅਧਿਕਾਰੀਆਂ ਵੱਲੋਂ ਬੜੇ ਧਿਆਨ ਨਾਲ ਸੁਣਿਆ ਗਿਆ। ਵਫ਼ਦ ਵਿਚ ਵਿਨੋਦ ਕੁਮਾਰ, ਬਲਵਿੰਦਰ ਮਸੀਹ ਭਲੱਥ, ਹਰਜਿੰਦਰ ਹੈਰੀ ਕਪੂਰਥਲਾ, ਤਹਿਸੀਲ ਪ੍ਰਧਾਨ ਪਰਮਜੀਤ ਲਾਲ ਖੈੜਾ, ਬਲਵਾਰੀ ਲਾਲ ਸੁਲਤਾਨਪੁਰ ਲੋਧੀ, ਕੁਲਦੀਪ ਸਿੰਘ ਅਲੌਦੀਪੁਰ ਆਦਿ ਹਾਜ਼ਰ ਸਨ।