ਕਣਕ ਦੀ ਲਿਫਟਿੰਗ ’ਚ ਦੇਰੀ, ਆੜਤੀਆਂ ਤੇ ਕਿਸਾਨਾਂ ’ਚ ਰੋਸ
ਲੱਖਣ ਕੇ ਪੱਡਾ ਅਨਾਜ ਮੰਡੀ ਵਿੱਚ ਕਣਕ ਦੀ ਲਿਫਟਿੰਗ ਵਿੱਚ ਦੇਰੀ, ਆੜਤੀਆਂ ਤੇ ਕਿਸਾਨਾਂ ਵਿੱਚ ਰੋਸ
Publish Date: Sun, 26 Apr 2026 09:20 PM (IST)
Updated Date: Sun, 26 Apr 2026 09:22 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਅਨਾਜ ਮੰਡੀ ਲੱਖਣ ਕੇ ਪੱਡਾ ਵਿਚ ਕਣਕ ਦੀ ਲਿਫਟਿੰਗ ਵਿਚ ਹੋ ਰਹੀ ਲੰਬੀ ਦੇਰੀ ਕਾਰਨ ਆੜਤੀਆਂ ਤੇ ਕਿਸਾਨਾਂ ਵਿਚ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਮੰਡੀ ਵਿਚ ਕਈ ਦਿਨਾਂ ਤੋਂ ਕਣਕ ਦੀ ਫਸਲ ਢੇਰੀਆਂ ਦੇ ਰੂਪ ਵਿਚ ਪਈ ਹੋਣ ਕਾਰਨ ਨਾ ਸਿਰਫ਼ ਜਗ੍ਹਾ ਦੀ ਕਮੀ ਪੈਦਾ ਹੋ ਗਈ ਹੈ, ਸਗੋਂ ਮੌਸਮ ਖਰਾਬ ਹੋਣ ਦੀ ਸੂਰਤ ਵਿਚ ਫਸਲ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਵੀ ਵਧ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਆੜਤੀ ਸੋਹਣ ਸਿੰਘ ਪੱਡਾ, ਅਮਰੀਕ ਸਿੰਘ ਬਰਾੜ, ਕੁਲਦੀਪ ਸਿੰਘ ਬਿੱਟੂ, ਰਾਜਵੀਰ ਸਿੰਘ ਬਾਮੂਵਾਲ, ਕਰਨੈਲ ਸਿੰਘ ਸਾਬਕਾ ਸਰਪੰਚ, ਹੈਪੀ ਆੜਤੀ, ਮੰਗਲ ਸਿੰਘ ਸ਼ਾਹ ਤੇ ਸਤਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਮੰਡੀ ਵਿਚ ਲਿਫਟਿੰਗ ਪ੍ਰਕਿਰਿਆ ਬਹੁਤ ਹੀ ਸੁਸਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਫਸਲ ਨਾ ਚੁੱਕਣ ਕਾਰਨ ਆੜਤੀਆਂ ਤੇ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਜਲਦੀ ਲਿਫਟਿੰਗ ਨਾ ਕੀਤੀ ਗਈ ਤਾਂ ਮੰਡੀ ਵਿਚ ਹੋਰ ਭੀੜ ਹੋ ਸਕਦੀ ਹੈ ਤੇ ਕਿਸਾਨਾਂ ਦੀ ਮਿਹਨਤ ਨਾਲ ਤਿਆਰ ਕੀਤੀ ਫਸਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਆੜਤੀਆਂ ਨੇ ਸਰਕਾਰ ਤੇ ਸਬੰਧਤ ਵਿਭਾਗਾਂ ਨੂੰ ਤੁਰੰਤ ਦਖਲ ਦੀ ਮੰਗ ਕਰਦਿਆਂ ਲਿਫਟਿੰਗ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਮੰਡੀ ਵਿਚ ਬਣੀ ਇਸ ਗੰਭੀਰ ਸਥਿਤੀ ਨੂੰ ਕਾਬੂ ਕੀਤਾ ਜਾ ਸਕੇ।