ਘੱਟ ਰਹੀ ਪੰਛੀਆਂ ਦੀ ਗਿਣਤੀ ਚਿੰਤਾ ਦਾ ਵਿਸ਼ਾ : ਧਰਮਸੌਤ
ਘੱਟ ਰਹੀ ਪੰਛੀਆਂ ਦੀ ਸੰਖਿਆ ਚਿੰਤਾ ਦਾ ਵਿਸ਼ਾ,ਅਸ਼ੋਕ ਕਮਲ ਧਰਮਸੋਤ
Publish Date: Tue, 28 Apr 2026 08:38 PM (IST)
Updated Date: Tue, 28 Apr 2026 08:40 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਸਾਰ ਮੁਹੱਲਿਆਂ ਵਿਚ ਲੱਗੇ ਦਰੱਖਤਾਂ |ਤੇ ਚਿੜੀਆਂ ਚੀਂ ਚੀਂ, ਕਾਂ ਦੀ ਕਾਂ ਕਾਂ ਤੇ ਕੋਇਲ ਦੀ ਮਿੱਠੀ ਬੋਲੀ, ਕਬੂਤਰਾਂ ਦੀ ਗੁਟਰਗੂੰ ਸੁਣਨ ਨੂੰ ਹਮੇਸ਼ਾ ਮਿਲਦੀ ਰਹਿੰਦੀ ਸੀ ਪਰ ਪਿਛਲੇ ਇਕ-ਦੋ ਦਹਾਕਿਆਂ ਵੱਲ ਨਿਗ੍ਹਾ ਮਾਰੀਏ ਤਾਂ ਲਗਾਤਾਰ ਪੰਛੀਆਂ ਦੀ ਜਨਸੰਖਿਆ ਵਿਚ ਗਿਰਾਵਟ ਆਈ ਹੈ, ਜਿਸ ਦਾ ਮੁੱਖ ਕਾਰਨ ਸ਼ਹਿਰਾਂ ਵਿਚ ਜ਼ਮੀਨੀ ਸੁਧਾਰ ਤੇ ਵਿਛ ਰਿਹਾ ਸੜਕਾਂ ਦਾ ਜਾਲ ਤੇ ਕੱਟੇ ਜਾ ਰਹੇ ਦਰੱਖਤ ਹੋ ਸਕਦੇ ਹਨ। ਪਹਿਲਾਂ ਜਿਥੇ ਸ਼ਹਿਰ ਤੇ ਪਿੰਡਾਂ ਵਿਚ ਰੁੱਖਾਂ ਦੀ ਭਰਮਾਰ ਹੁੰਦੀ ਸੀ ਹੁਣ ਕੋਈ ਸੱਖਣਾ ਪਿੰਡ ਜਾਂ ਸ਼ਹਿਰ ਦਾ ਵਾਰਡ ਹੀ ਹੋਵੇਗਾ, ਜਿਥੇ ਇਕਾ-ਦੁੱਕਾ ਦਰੱਖਤ ਦੇਖਣ ਨੂੰ ਮਿਲਦੇ ਹਨ। ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਆਉਣ ਵਾਲੇ ਸਮੇਂ ਵਿਚ ਸਾਡੇ ਬੱਚਿਆਂ ਨੂੰ ਸਿਰਫ਼ ਕਹਾਣੀਆਂ ਵਿਚ ਹੀ ਚਿੜੀਆਂ, ਕਾਂ, ਕੋਇਲਾਂ ਤੋਤਿਆਂ ਕਬੂਤਰਾਂ ਦੇ ਦਰਸ਼ਨ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਧ ਬਾਬਾ ਬਾਲਕ ਨਾਥ ਮੰਦਰ ਕਮੇਟੀ ਮੁਹੱਲਾ ਧਰਮਕੋਟ ਦੇ ਪ੍ਰਧਾਨ ਅਸ਼ੋਕ ਕਮਲ ਧਰਮਸੌਤ ਨੇ ਕਰਦੇ ਹੋਏ ਕਿਹਾ ਕਿ ਸਟੇਟ ਆਫ ਇੰਡੀਆ ਵਰਲਡ ਰਿਪੋਰਟ ਮੁਤਾਬਕ ਸਾਲ 2024 ਅੰਦਰ ਭਾਰਤ ਵਿਚ ਪੰਛੀਆਂ ਦੀਆਂ ਕਿਸਮਾਂ ਵਿਚ ਪੰਜਾਹ ਪ੍ਰਤੀਸ਼ਤ ਦੀ ਗਿਰਾਵਟ ਦੇਖੀ ਗਈ ਹੈ। ਹਾਲਾਂਕਿ ਕੌਮੀ ਪੰਛੀ ਮੋਰ ਦੀ ਗਿਣਤੀ ਵਿਚ ਜ਼ਰੂਰ ਵਾਧਾ ਦਰਜ ਕੀਤਾ ਗਿਆ ਹੈ ਪਰ ਬਾਕੀ ਪੰਛੀਆਂ ਦੀ ਗਿਣਤੀ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਦਾ ਮੁੱਖ ਕਾਰਨ ਵਧਦਾ ਤਾਪਮਾਨ, ਦਰੱਖਤਾਂ ਦੀ ਘਾਟ ਤੇ ਪੰਛੀਆਂ ਦੀ ਸੰਭਾਲ ਵਿਚ ਕਿਤੇ ਨਾ ਕਿਤੇ ਸਾਡੀ ਘਾਟ ਵੀ ਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਛੱਤਾਂ ’ਤੇ ਪਾਣੀ ਭਰ ਕੇ ਅਤੇ ਪੰਛੀਆਂ ਲਈ ਦਾਣਾ ਰੱਖਿਆ ਜਾਂਦਾ ਸੀ ਪਰ ਅੱਜਕੱਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਕੋਈ ਵੀ ਪੰਛੀਆਂ ਲਈ ਕਸ਼ਟ ਕਰਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਆਪਣੇ ਘਰ ਦੀਆਂ ਛੱਤਾਂ ’ਤੇ ਸਵੇਰੇ ਤੇ ਸ਼ਾਮ ਦੋ ਸਮਾਂ ਪਾਣੀ ਤੇ ਕੁਝ ਦਾਣੇ ਜ਼ਰੂਰ ਖਿਲਾਰ ਕੇ ਰੱਖੋ ਤਾਂ ਜੋ ਪੰਛੀਆਂ ਨੂੰ ਖਾਣ ਨੂੰ ਦਾਣੇ ਤੇ ਪਾਣੀ ਮਿਲਦਾ ਰਹੇ ਤੇ ਉਹ ਜਿਊਂਦੇ ਰਹਿ ਸਕਣ। ਉਨ੍ਹਾਂ ਕਿਹਾ ਕਿ ਜੇਕਰ ਅੱਜ ਵੀ ਹਾਲਾਤ ਨਾ ਬਦਲੇ ਤਾਂ ਆਉਣ ਵਾਲੇ ਭਵਿੱਖ ’ਚ ਸਿਰਫ਼ ਮੋਬਾਈਲਾਂ ’ਤੇ ਹੀ ਪੰਛੀਆਂ ਦੇ ਦਰਸ਼ਨ ਹੋਣਗੇ।