22 ਵਰ੍ਹੇ ਅੰਗਰੇਜ਼ ਹਕੂਮਤ ਦੀਆਂ ਜੇਲ੍ਹਾਂ "ਚ ਤਸੀਹੇ ਝੱਲਣ ਵਾਲੇ ਗ਼ਦਰੀ ਬਾਬਾ ਹਰਨਾਮ ਸਿੰਘ ਦੀ ਬਰਸੀ 18 ਨੂੰ

- ਆਜ਼ਾਦੀ ਦੇ ਕਰੀਬ 8 ਦਹਾਕਿਆਂ ਬਾਅਦ ਵੀ ਅੰਗਰੇਜ਼ਾਂ ਵੱਲੋਂ ਕੁਰਕ ਗ਼ਦਰੀ ਬਾਬੇ ਦੀ ਜ਼ਮੀਨ ਹਾਲੇ ਵੀ ਨਹੀਂ ਮਿਲੀ ਵਾਪਸ
- ਪ੍ਰਧਾਨ ਮੰਤਰੀ ਗੁਜਰਾਲ ਤੇ ਮੁੱਖ ਮੰਤਰੀ ਬਾਦਲ ਵੱਲੋਂ ਪਰਿਵਾਰ ਨਾਲ ਜ਼ਮੀਨ ਵਾਪਸੀ ਦੇ ਵਾਅਦੇ ਨਹੀਂ ਹੋਏ ਵਫ਼ਾ
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ
ਕਾਲਾ ਸੰਘਿਆਂ : ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਸਾਥੀ ਰਹੇ ਇਤਿਹਾਸਕ ਕਸਬਾ ਕਾਲਾ ਸੰਘਿਆਂ ਦੇ ਵਸਨੀਕ ਗ਼ਦਰ ਲਹਿਰ ਦੇ ਇਤਿਹਾਸ ਵਿੱਚ ਮੂਹਰੀ ਕਤਾਰ ਦੇ ਯੋਧੇ ਗ਼ਦਰੀ ਬਾਬਾ ਹਰਨਾਮ ਸਿੰਘ, ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਦਿਆਂ ਆਪਣੀ ਜ਼ਿੰਦਗੀ ਦੇ 22 ਵਰ੍ਹੇ ਤੋਂ ਵੱਧ ਸਮਾਂ ਲਾਹੌਰ, ਮਿੰਟਗੁੰਮਰੀ, ਹਜ਼ਾਰੀ ਬਾਗ਼, ਸ਼ਾਹੀ ਬਾਗ਼ ਆਦਿ ਜੇਲ੍ਹਾਂ ਵਿੱਚ ਕੱਟ ਕੇ ਅੰਗਰੇਜ਼ ਹਾਕਮਾਂ ਵੱਲੋਂ ਦਿੱਤੇ ਤਸੀਹੇ ਝੱਲੇ। ਇੱਥੇ ਹੀ ਬੱਸ ਨਹੀਂ ਅੰਗਰੇਜ਼ ਹਕੂਮਤ ਵੱਲੋਂ ਲਾਹੌਰ ਬਾਗ਼ ਬਗਾਵਤ ਕੇਸ ਵਿੱਚ ਬਾਬਾ ਜੀ ਦੀ 17 ਏਕੜ ਜ਼ਮੀਨ ਵੀ ਕੁਰਕ ਕਰ ਲਈ, ਜਿਸ ਨਾਲ਼ ਬਾਬਾ ਜੀ ਦੇ ਪਰਿਵਾਰ ਨੂੰ ਵੀ ਆਰਥਿਕ ਤੌਰ 'ਤੇ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਧਰ ਜੇਲ੍ਹ ਵਿੱਚ ਬਾਬਾ ਜੀ ਦੀਆਂ ਮੁਲਾਕਾਤਾਂ ਭਾਈ ਰਣਧੀਰ ਸਿੰਘ ਦੇ ਜਥੇ ਦੇ ਸਿੰਘਾਂ, ਬਾਬੇ ਸੋਹਣ ਸਿੰਘ ਭਕਨੇ ਅਤੇ ਸ਼ਹੀਦ ਭਗਤ ਸਿੰਘ ਨਾਲ ਹੁੰਦੀਆਂ ਅਤੇ ਦੇਸ਼ ਦੀ ਆਜ਼ਾਦੀ ਬਾਰੇ ਵਿਉਂਤਾਂ ਘੜ੍ਹੀਆਂ ਜਾਂਦੀਆ। ਸਜ਼ਾ ਪੂਰੀ ਹੋਣ ’ਤੇ ਸ਼ਰਤਾਂ ਸਮੇਤ ਰਿਹਾਈ ਦੀ ਤਜਵੀਜ਼ ਲੈ ਕੇ ਆਇਆ ਅਫ਼ਸਰ ਬਾਬੇ ਦੇ ਇਰਾਦੇ ਭਾਂਪਦਿਆਂ ਲਿਖ ਕੇ ਰਿਪੋਰਟ ਭੇਜਦਾ ਹੈ ਕਿ ਇਹਦੇ ਉਪਰ ਜੇਲ੍ਹ ਦੀਆਂ ਸਖ਼ਤੀਆਂ ਦਾ ਕੋਈ ਅਸਰ ਨਹੀਂ ਹੋਇਆ, ਇਹ ਹਕੂਮਤ ਲਈ ਇੱਕ ਖਤਰਨਾਕ ਵਿਆਕਤੀ ਹੈ, ਇਸ ਨੂੰ ਤਾਅ ਉਮਰ ਜੇਲ੍ਹ ਵਿਚੋਂ ਨਾ ਛੱਡਿਆ ਜਾਵੇ। ਅੱਜ ਵੀ ਗ਼ਦਰੀ ਬਾਬਾ ਹਰਨਾਮ ਸਿੰਘ ਦੇ ਸਿਦਕ, ਭਰੋਸੇ ਅਤੇ ਸਿਰੜ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। 18 ਮਈ 1978 ਨੂੰ ਉਹ ਸੰਘਰਸ਼ ਅਤੇ ਸਿਰੜ ਦਾ ਪ੍ਰਤੀਨਿਧ ਗ਼ਦਰੀ ਬਾਬਾ ਸਰੀਰਕ ਤੌਰ ’ਤੇ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ।
ਉਨ੍ਹਾਂ ਦੇ ਸ਼ਹਾਦਤ ਅਤੇ ਕੁਰਬਾਨੀ ਕਰ ਕੇ ਬੇਸ਼ੱਕ ਸਮੇਂ ਦੀਆਂ ਸਰਕਾਰਾਂ ਵੱਲੋਂ ਕਾਲ਼ਾ ਸੰਘਿਆਂ ਵਿਖੇ ਉਨ੍ਹਾਂ ਦੇ ਨਾਂ ’ਤੇ ਗ਼ਦਰੀ ਬਾਬਾ ਹਰਨਾਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਰੱਖਿਆ ਗਿਆ ਪਰ ਉਨ੍ਹਾਂ ਦੇ ਪਰਿਵਾਰ ਦੀ ਅੱਜ ਤੱਕ ਕਿਸੇ ਵੀ ਭਾਰਤੀ ਹਕੂਮਤ ਨੇ ਸਾਰ ਨਹੀਂ ਲਈ। ਉਨ੍ਹਾਂ ਨੂੰ ਸਰੀਰਕ ਤੌਰ ’ਤੇ ਜਹਾਨੋਂ ਗਿਆ 6 ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰ ਕੁਮਾਰ ਗੁਜ਼ਰਾਲ ਅਤੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵਰਗੇ ਲੀਡਰਾਂ ਨੇ ਬਾਬਾ ਜੀ ਦੇ ਪਰਿਵਾਰ ਨੂੰ ਕਈ ਵਾਰ ਭਰੋਸਾ ਦਿਵਾਇਆ ਕਿ ਅੰਗਰੇਜ਼ ਹਕੂਮਤ ਵੱਲੋਂ ਉਨ੍ਹਾਂ ਦੀ ਕੁਰਕ ਹੋਈ ਜ਼ਮੀਨ ਵਾਪਸ ਕਰਵਾਈ ਜਾਵੇਗੀ ਪਰ ਇਹ ਸਿਰਫ਼ ਲਾਰੇ ਹੀ ਨਿਕਲੇ ਅਤੇ ਹੁਣ ਤਾਂ ਇਨਾਂ ਮਹਰੂਮ ਹੋ ਚੁਕੇ ਲੀਡਰਾਂ ਨਾਲ ਉਹ ਲਾਰੇ ਵੀ ਦਫ਼ਨ ਹੀ ਹੋ ਗਏ। ਅੱਜ ਤੱਕ ਕਿਸੇ ਵੀ ਸਰਕਾਰ ਨੇ ਗ਼ਦਰੀ ਬਾਬਾ ਹਰਨਾਮ ਸਿੰਘ ਦੇ ਪਰਿਵਾਰ ਦੀ ਸਾਰ ਤੱਕ ਨਹੀਂ ਲਈ ਤੇ ਉਨ੍ਹਾਂ ਦਾ ਪਰਿਵਾਰ ਅੱਜ ਵੀ ਉਡੀਕ ਰਿਹਾ ਹੈ ਕਿ ਸ਼ਇਦ ਕੋਈ ਹਕੂਮਤ ਉਨ੍ਹਾਂ ਦੀ ਸਾਰ ਲਵੇਗੀ। 18 ਮਈ ਸੋਮਵਾਰ ਨੂੰ ਕਸਬਾ ਕਾਲਾ ਸੰਘਿਆਂ ਦੇ ਗੁਰਦੁਆਰਾ ਘੰਟਾ ਘਰ ਵਿਖੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਵੱਲੋਂ ਉਨ੍ਹਾਂ ਦੀ 48ਵੀਂ ਬਰਸੀ ਮਨਾਈ ਜਾ ਰਹੀ ਹੈ।