ਗ਼ਦਰੀ ਬਾਬਾ ਹਰਨਾਮ ਸਿੰਘ ਦੀ ਬਰਸੀ 18 ਨੂੰ
22 ਵਰ੍ਹੇ ਅੰਗਰੇਜ਼ ਹਕੂਮਤ ਦੀਆਂ ਜੇਲ੍ਹਾਂ "ਚ ਤਸੀਹੇ ਝੱਲਣ ਵਾਲੇ ਗ਼ਦਰੀ ਬਾਬਾ ਹਰਨਾਮ ਸਿੰਘ ਦੀ ਬਰਸੀ 18 ਨੂੰ
Publish Date: Sat, 16 May 2026 07:29 PM (IST)
Updated Date: Sat, 16 May 2026 07:30 PM (IST)

-22 ਵਰ੍ਹੇ ਅੰਗਰੇਜ਼ ਹਕੂਮਤ ਦੀਆਂ ਜੇਲ੍ਹਾਂ ’ਚ ਤਸੀਹੇ ਝੱਲੇ -ਅਜ਼ਾਦੀ ਦੇ 8 ਦਹਾਕਿਆਂ ਬਾਅਦ ਵੀ ਅੰਗਰੇਜ਼ਾਂ ਵੱਲੋਂ ਕੁਰਕ ਬਾਬੇ ਦੀ ਜ਼ਮੀਨ ਵਾਪਸ ਨਹੀਂ ਮਿਲੀ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆ : ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸਾਥੀ ਰਹੇ ਇਤਿਹਾਸਕ ਕਸਬਾ ਕਾਲਾ ਸੰਘਿਆ ਦੇ ਵਸਨੀਕ ਗ਼ਦਰ ਲਹਿਰ ਦੇ ਇਤਿਹਾਸ ਵਿਚ ਮੂਹਰੀ ਕਤਾਰ ਦੇ ਯੋਧੇ ਗ਼ਦਰੀ ਬਾਬਾ ਹਰਨਾਮ ਸਿੰਘ, ਜਿਨ੍ਹਾਂ ਦੇਸ਼ ਦੀ ਅਜ਼ਾਦੀ ਲਈ ਸੰਘਰਸ਼ ਕਰਦਿਆਂ ਆਪਣੀ ਜ਼ਿੰਦਗੀ ਦੇ 22 ਵਰ੍ਹੇ ਲਾਹੌਰ, ਮਿੰਟਗੁੰਮਰੀ, ਹਜ਼ਾਰੀ ਬਾਗ਼, ਸ਼ਾਹੀ ਬਾਗ਼ ਆਦਿ ਜੇਲ੍ਹਾਂ ਵਿਚ ਕੱਟ ਕੇ ਅੰਗਰੇਜ਼ ਹਾਕਮਾਂ ਦੇ ਤਸੀਹੇ ਝੱਲੇ। ਇਥੇ ਹੀ ਬੱਸ ਨਹੀਂ ਅੰਗਰੇਜ਼ ਹਕੂਮਤ ਵੱਲੋਂ ਲਾਹੌਰ ਬਾਗ਼ ਬਗਾਵਤ ਕੇਸ ਵਿਚ ਬਾਬਾ ਜੀ ਦੀ 17 ਏਕੜ ਜ਼ਮੀਨ ਵੀ ਕੁਰਕ ਕਰ ਲਈ ਗਈ, ਜਿਸ ਨਾਲ਼ ਬਾਬਾ ਜੀ ਦੇ ਪਰਿਵਾਰ ਨੂੰ ਵੀ ਆਰਥਿਕ ਤੌਰ ਤੇ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਧਰ ਜੇਲ੍ਹ ਵਿਚ ਬਾਬਾ ਜੀ ਦੀਆਂ ਮੁਲਾਕਾਤਾਂ ਭਾਈ ਰਣਧੀਰ ਸਿੰਘ ਦੇ ਜਥੇ ਦੇ ਸਿੰਘਾਂ, ਬਾਬੇ ਸੋਹਣ ਸਿੰਘ ਭਕਨਾ ਤੇ ਸ਼ਹੀਦ ਭਗਤ ਸਿੰਘ ਨਾਲ ਹੁੰਦੀਆਂ ਤੇ ਦੇਸ਼ ਦੀ ਆਜ਼ਾਦੀ ਬਾਰੇ ਵਿਉਂਤਾਂ ਘੜ੍ਹੀਆਂ ਜਾਂਦੀਆ। ਸਜ਼ਾ ਪੂਰੀ ਹੋਣ ’ਤੇ ਸ਼ਰਤਾਂ ਸਮੇਤ ਰਿਹਾਈ ਦੀ ਤਜਵੀਜ਼ ਲੈ ਕੇ ਆਇਆ ਅਫ਼ਸਰ ਬਾਬੇ ਦੇ ਇਰਾਦੇ ਭਾਂਪਦਿਆਂ ਲਿਖ ਕੇ ਰਿਪੋਰਟ ਭੇਜਦਾ ਹੈ ਕਿ ਇਹਦੇ ਉਪਰ ਜੇਲ੍ਹ ਦੀਆਂ ਸਖ਼ਤੀਆਂ ਦਾ ਕੋਈ ਅਸਰ ਨਹੀ ਹੋਇਆ, ਇਹ ਹਕੂਮਤ ਲਈ ਇਕ ਖਤਰਨਾਕ ਵਿਆਕਤੀ ਹੈ, ਇਸ ਨੂੰ ਤਾਅ ਉਮਰ ਜੇਲ੍ਹ ਵਿਚੋਂ ਨਾ ਛੱਡਿਆ ਜਾਵੇ। ਅੱਜ ਵੀ ਗ਼ਦਰੀ ਬਾਬਾ ਹਰਨਾਮ ਸਿੰਘ ਦੇ ਸਿਦਕ, ਭਰੋਸੇ ਤੇ ਸਿਰੜ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। 18 ਮਈ 1978 ਨੂੰ ਉਹ ਸੰਘਰਸ਼ ਤੇ ਸਿਰੜ ਦਾ ਪ੍ਰਤੀਨਿਧ ਗ਼ਦਰੀ ਬਾਬਾ ਸਰੀਰਕ ਤੌਰ ਤੇ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ। ਉਨ੍ਹਾਂ ਦੀ ਸ਼ਹਾਦਤ ਤੇ ਕੁਰਬਾਨੀ ਕਰ ਕੇ ਬੇਸ਼ੱਕ ਸਮੇਂ ਦੀਆਂ ਸਰਕਾਰਾਂ ਵੱਲੋਂ ਕਾਲਾ ਸੰਘਿਆ ਵਿਖੇ ਉਨ੍ਹਾਂ ਦੇ ਨਾਮ ’ਤੇ ਗ਼ਦਰੀ ਬਾਬਾ ਹਰਨਾਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਰੱਖਿਆ ਗਿਆ ਪਰ ਉਨ੍ਹਾਂ ਦੇ ਪਰਿਵਾਰ ਦੀ ਅੱਜ ਤੱਕ ਕਿਸੇ ਵੀ ਭਾਰਤੀ ਹਕੂਮਤ ਨੇ ਸਾਰ ਨਹੀਂ ਲਈ। ਉਨ੍ਹਾਂ ਨੂੰ ਸਰੀਰਕ ਤੌਰ ਤੇ ਜਹਾਨੋਂ ਗਿਆਂ 6 ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰ ਕੁਮਾਰ ਗੁਜਰਾਲ ਤੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵਰਗੇ ਲੀਡਰਾਂ ਨੇ ਬਾਬਾ ਜੀ ਦੇ ਪਰਿਵਾਰ ਨੂੰ ਕਈ ਵਾਰ ਭਰੋਸਾ ਦਿਵਾਇਆ ਕਿ ਅੰਗਰੇਜ਼ ਹਕੂਮਤ ਵੱਲੋਂ ਉਨ੍ਹਾਂ ਦੀ ਕੁਰਕ ਹੋਈ ਜ਼ਮੀਨ ਵਾਪਸ ਕਰਵਾਈ ਜਾਵੇਗੀ ਪਰ ਇਹ ਸਿਰਫ਼ ਲਾਰੇ ਹੀ ਨਿਕਲੇ ਤੇ ਹੁਣ ਤਾਂ ਇਨ੍ਹਾਂ ਲੀਡਰਾਂ ਦੇ ਨਾਲ ਗੀ ਉਹ ਲਾਰੇ ਵੀ ਦਫ਼ਨ ਹੀ ਹੋ ਗਏ ਹ ਨ। ਅੱਜ ਤੱਕ ਕਿਸੇ ਵੀ ਸਰਕਾਰ ਨੇ ਗ਼ਦਰੀ ਬਾਬਾ ਹਰਨਾਮ ਸਿੰਘ ਜੀ ਦੇ ਪਰਿਵਾਰ ਦੀ ਸਾਰ ਤੱਕ ਨਹੀਂ ਲਈ ਤੇ ਉਨ੍ਹਾਂ ਦਾ ਪਰਿਵਾਰ ਅੱਜ ਵੀ ਇਸ ਗੱਲ ਦੀ ਉਡੀਕ ਕਰ ਰਿਹਾ ਹੈ ਕਿ ਸ਼ਇਦ ਕੋਈ ਹਕੂਮਤ ਉਨ੍ਹਾਂ ਦੀ ਸਾਰ ਲਵੇਗੀ। 18 ਮਈ ਦਿਨ ਸੋਮਵਾਰ ਨੂੰ ਕਸਬਾ ਕਾਲਾ ਸੰਘਿਆ ਦੇ ਗੁਰਦੁਆਰਾ ਘੰਟਾ ਘਰ ਵਿਖੇ ਉਨ੍ਹਾਂ ਦੇ ਪਰਿਵਾਰ ਤੇ ਸਨੇਹੀਆਂ ਵੱਲੋਂ ਉਨ੍ਹਾਂ ਦੀ 48ਵੀਂ ਬਰਸੀ ਮਨਾਈ ਜਾ ਰਹੀ ਹੈ।