ਖਾਦ ਡੀਲਰ ਕਿਸਾਨਾਂ ਨੂੰ ਗੈਰ-ਜ਼ਰੂਰੀ ਚੀਜ਼ਾਂ ਨਾ ਵੇਚਣ : ਡੀਸੀ
ਡੀ.ਸੀ ਵੱਲੋਂ ਖਾਦਾਂ ਦੀ ਨਾਲ ਗੈਰ ਜਰੂਰੀ ਵਸਤਾਂ ਵੇਚਣ ਸਬੰਧੀ ਖੇਤੀਬਾੜੀ ਮਹਿਕਮੇ ਨੂੰ ਹਦਾਇਤਾਂ ਜਾਰੀ
Publish Date: Sun, 03 May 2026 08:36 PM (IST)
Updated Date: Sun, 03 May 2026 08:38 PM (IST)

ਡੀਸੀ ਵੱਲੋਂ ਖੇਤੀਬਾੜੀ ਮਹਿਕਮੇ ਨੂੰ ਹਦਾਇਤਾਂ ਜਾਰੀ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬਾਂਸਲ ਆਈਏਐੱਸ ਵੱਲੋਂ ਜ਼ਿਲ੍ਹੇ ਵਿਚ ਖਾਦਾਂ ਦੀ ਪੂਰਤੀ ਵੰਡ ਤੇ ਉੱਪਲੱਬਧਤਾ ਦੀ ਜ਼ਮੀਨੀ ਜਾਂਚ ਲਈ ਖੇਤੀਬਾੜੀ ਮਹਿਕਮੇ ਅਤੇ ਕੋਆਪਰੇਟਿਵ ਮਹਿਕਮੇ ਨੂੰ ਨਾਲ ਲੈ ਕੇ ਬਲਾਕ ਨਡਾਲਾ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਸਾਨਾਂ ਕੋਲੋਂ ਖਾਦਾਂ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਨੂੰ ਸੁਣਿਆ। ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਕਿਸਾਨਾਂ ਨੂੰ ਖਾਦ ਲੈਣ ਲਈ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ। ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਾਦ ਜ਼ਰੂਰੀ ਵਸਤਾਂ ਕਨੂੰਨ ਹੇਠ ਸਰਕਾਰ ਵੱਲੋਂ ਭਾਰੀ ਸਬਸਿਡੀ ’ਤੇ ਮੁਹੱਈਆ ਕਰਵਾਈ ਜਾਂਦੀ ਹੈ। ਇਸ ਲਈ ਕੋਈ ਵੀ ਡੀਲਰ ਤੇ ਕੋਆਪਰੇਟਿਵ ਸੋਸਾਇਟੀ ਕਿਸਾਨ ਨੂੰ ਖਾਦ ਦੇ ਨਾਲ ਕੋਈ ਵੀ ਗੈਰ-ਜ਼ਰੂਰੀ ਚੀਜ਼ ਖਰੀਦਣ ਲਈ ਮਜਬੂਰ ਨਹੀਂ ਕਰ ਸਕਦੀ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜੇਕਰ ਕੋਈ ਵੀ ਡੀਲਰ ਜਾਂ ਸੋਸਾਇਟੀ ਉਨ੍ਹਾਂ ਨੂੰ ਯੂਰੀਆ ਜਾਂ ਡੀਏਪੀ ਨਾਲ ਕਿਸੇ ਕਿਸਮ ਦਾ ਵੀ ਸਮਾਨ ਲੈਣ ਲਈ ਮਜਬੂਰ ਕਰਦਾ ਹੈ ਤਾਂ ਉਹ ਤੁਰੰਤ ਇਸ ਦੀ ਸ਼ਿਕਾਇਤ ਖੇਤੀਬਾੜੀ ਦਫ਼ਤਰ ਵਿਚ ਕਰਨ। ਇਸ ਸਬੰਧੀ ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤ ਕਰਨ ਵਾਲੇ ਦੀ ਸੂਚਨਾ ਗੁਪਤ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਯੂਰੀਆ ਦੀ ਮੰਗ ਦੇ ਅਨੁਸਾਰ ਸਟਾਕ ਉੱਪਲਬਧ ਹੈ। ਕਿਸੇ ਤਰ੍ਹਾਂ ਦੀ ਕਾਲਾਬਾਜ਼ਾਰੀ ਤੇ ਜਮ੍ਹਾਂਖੋਰੀ ਦੇ ਉੱਪਰ ਸਖਤ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਸਮੂਹ ਖਾਦ ਦੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਵੀ ਕੰਪਨੀ ਵੱਲੋਂ ਉਨ੍ਹਾਂ ਨੂੰ ਖਾਦ ਦੇ ਨਾਲ ਟੈਗਿੰਗ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਉਹ ਉਸ ਕੰਪਨੀ ਦੀ ਵੀ ਲਿਖਤ ਸ਼ਿਕਾਇਤ ਮਹਿਕਮੇ ਕੋਲ ਦਰਜ ਕਰਨ। ਉਨ੍ਹਾਂ ਸਮੂਹ ਡੀਲਰਾਂ ਨੂੰ ਸਖ਼ਤ ਤਾੜਨਾ ਕੀਤੀ ਕਿ ਕਿਸੇ ਵੀ ਡੀਲਰ ਵਿਰੁਧ ਟੈਗਿੰਗ, ਜਮਾਖੋਰੀ ਜਾਂ ਕਾਲਾਬਾਜ਼ਾਰੀ ਸਾਬਿਤ ਹੋਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।