ਕਿਸਾਨ ਨਾੜ ਨੂੰ ਅੱਗ ਨਾ ਲਾਉਣ
ਡੀਸੀ ਵਲੋਂ ਕਿਸਾਨਾਂ ਨੂੰ ਨਾੜ ਨਾ ਸਾੜਨ ਸਬੰਧੀ ਅਪੀਲ
Publish Date: Sun, 03 May 2026 08:42 PM (IST)
Updated Date: Sun, 03 May 2026 08:44 PM (IST)

ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਜ਼ਿਲ੍ਹਾ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਵੱਲੋਂ ਬਲਾਕ ਨਡਾਲਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕੋਆਪਰੇਟਿਵ ਸੋਸਾਇਟੀ ਨਡਾਲਾ ਵਿਖੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਬਿਲਕੁਲ ਵੀ ਅੱਗ ਨਹੀਂ ਲਗਾਉਣੀ ਚਾਹੀਦੀ ਕਿਉਂਕਿ ਅੱਗ ਲੱਗਣ ਕਾਰਨ ਵਾਤਾਵਰਨ ਵਿਚ ਅਨੇਕ ਪ੍ਰਕਾਰ ਦੀਆਂ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ਤੇ ਨਾਲ ਹੀ ਇਹ ਅੱਗ ਕਈ ਸੜਕ ਦੁਰਘਟਨਾਵਾਂ ਦਾ ਵੀ ਕਾਰਨ ਬਣਦੀ ਹੈ। ਇਸ ਮੌਕੇ ਜ਼ਿਲ੍ਹੇ ਦੇ ਐੱਸਐੱਸਪੀ ਗੌਰਵ ਤੂਰਾ ਆਈਪੀਐੱਸ ਵੀ ਹਾਜ਼ਰ ਸਨ। ਉਨ੍ਹਾਂ ਵੀ ਕਿਸਾਨਾਂ ਨੂੰ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਸਖ਼ਤ ਤਾੜਨਾ ਕੀਤੀ। ਇਸ ਮੌਕੇ ਡੀਆਰ ਕੋਆਪਰੇਟਿਵ ਸੋਸਾਇਟੀਜ਼ ਡਾ. ਜਗਜੀਤ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕੋਆਪਰੇਟਿਵ ਵਿਭਾਗ ਵੱਲੋਂ ਵੱਖ-ਵੱਖ ਸੋਸਾਇਟੀਜ਼ ਵਿਚ ਸਬਸਿਡੀ ਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਮਿੱਟੀ ਵਿਚ ਮਿਲਾਉਣ ਲਈ ਮਸ਼ੀਨਾਂ ਸਬਸਿਡੀ ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜੋ ਕਿ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਗੁਰਜੋਤ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਐੱਸਡੀਐੱਮ ਭੁਲੱਥ ਰੁਪਿੰਦਰਜੀਤ ਸਿੰਘ ਤੇ ਖੇਤੀਬਾੜੀ ਅਫਸਰ ਨਡਾਲਾ ਡਾ. ਸਤਨਾਮ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੂੰ ਨਾੜ ਨਾ ਸਾੜਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਖੇਤੀਬਾੜੀ ਵਿਕਾਸ ਅਫਸਰ ਨੇ ਕਿਹਾ ਕਿ ਫਸਲਾਂ ਦੀ ਰਹਿੰਦ-ਖੁੰਹਦ ਨੂੰ ਸੰਭਾਲਣ ਲਈ ਵੱਖ-ਵੱਖ ਤਰ੍ਹਾਂ ਦੀ ਮਸ਼ੀਨਰੀ ਕਿਸਾਨਾਂ ਨੂੰ ਸਬਸਿਡੀ ਤੇ ਉਪਲਬਧ ਕਰਵਾਈ ਜਾ ਰਹੀ ਹੈ ਜਿਸ ਨਾਲ ਕਿਸਾਨ ਅੱਗ ਲਗਾਉਣ ਦੀ ਬਜਾਏ ਇਸ ਨੂੰ ਜ਼ਮੀਨ ਵਿਚ ਮਿਲਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਆਉਣ ਵਾਲੇ ਸਾਉਣੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਖਾਦ, ਦਵਾਈਆਂ ਦਾ ਸਮੇਂ ਸਿਰ ਪ੍ਰਬੰਧ ਕਰਕੇ ਦਿੱਤਾ ਜਾਵੇਗਾ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀ ਮਨੀਮ ਕੁਮਾਰ ਏਈਓ, ਸੁਰਜੀਤ ਸਿੰਘ ਏਈਓ ਤੇ ਏਆਰ ਜੋਬਨਪ੍ਰੀਤ ਸਿੰਘ, ਵੱਖ-ਵੱਖ ਸੁਸਾਇਟੀਆਂ ਦੇ ਸੈਕਟਰੀ ਤੇ ਪ੍ਰਧਾਨ ਹਾਜ਼ਰ ਸਨ।