ਨ੍ਰਿਤ ਦਿਵਸ ਮੌਕੇ ਬ੍ਰਿਟਿਸ਼ ਵਿਕਟੋਰੀਆ ਸਕੂਲ ’ਚ ਡਾਂਸ ਮੁਕਾਬਲੇ
ਨ੍ਰਿਤ ਦਿਵਸ ਮੌਕੇ ਬ੍ਰਿਟਿਸ਼ ਵਿਕਟੋਰੀਆ ਸਕੂਲ ਵਿੱਚ ਡਾਂਸ ਮੁਕਾਬਲੇ ਦਾ ਆਯੋਜਨ
Publish Date: Wed, 29 Apr 2026 07:11 PM (IST)
Updated Date: Thu, 30 Apr 2026 04:13 AM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਅੰਤਰਰਾਸ਼ਟਰੀ ਨ੍ਰਿਤ ਦਿਵਸ ਦੇ ਮੌਕੇ ‘ਤੇ ਬ੍ਰਿਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਵਿੱਚ ਇੱਕ ਭਵਿਆ ਅਤੇ ਰੰਗਾਰੰਗ ਇੰਟਰ-ਹਾਊਸ ਡਾਂਸ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਸਕੂਲ ਦਾ ਮਾਹੌਲ ਉਤਸ਼ਾਹ, ਰਚਨਾਤਮਕਤਾ ਅਤੇ ਸੱਭਿਆਚਾਰਕ ਰੌਣਕ ਨਾਲ ਭਰਪੂਰ ਰਿਹਾ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀਆਂ ਲੁਕੀਆਂ ਹੋਈਆਂ ਕਲਾਤਮਕ ਪ੍ਰਤਿਭਾਵਾਂ ਨੂੰ ਮੰਚ ਪ੍ਰਦਾਨ ਕਰਨਾ ਅਤੇ ਨ੍ਰਿਤ ਕਲਾ ਪ੍ਰਤੀ ਉਨ੍ਹਾਂ ਦੀ ਰੁਚੀ ਨੂੰ ਹੋਰ ਪ੍ਰੋਤਸਾਹਿਤ ਕਰਨਾ ਸੀ । ਇਸ ਵਿਸ਼ੇਸ਼ ਮੁਕਾਬਲੇ ਵਿੱਚ ਸਕੂਲ ਦੇ ਚਾਰ ਪ੍ਰਮੁੱਖ ਹਾਊਸਜ ਵਿੰਬਲਡਨ, ਮੈਨਚੈਸਟਰ, ਲਾਰਡਜ਼ ਅਤੇ ਰੋਇਲ ਗੋਲਫ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲੇ ਨੂੰ ਸੋਲੋ ਡਾਂਸ ਅਤੇ ਗਰੁੱਪ ਡਾਂਸ ਦੋ ਸ਼੍ਰੇਣੀਆਂ ਵਿੱਚ ਕਰਵਾਇਆ ਗਿਆ। ਵਿਦਿਆਰਥੀਆਂ ਨੇ ਵੱਖ-ਵੱਖ ਨ੍ਰਿਤ ਸ਼ੈਲੀਆਂ—ਭਾਰਤੀ ਸ਼ਾਸਤਰੀ, ਲੋਕ, ਸਮਕਾਲੀ ਅਤੇ ਆਧੁਨਿਕ ਡਾਂਸ—ਦੀ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ, ਜਿਨ੍ਹਾਂ ਨੇ ਹਾਜ਼ਰ ਦਰਸ਼ਕਾਂ ਨੂੰ ਮੋਹ ਲਿਆ । ਇਹ ਪ੍ਰੋਗਰਾਮ ਸਕੂਲ ਦੇ ਮਲਟੀਮੀਡੀਆ ਹਾਲ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਅਤੇ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਸੱਭਰਵਾਲ ਦੀ ਮਾਣਯੋਗ ਹਾਜ਼ਰੀ ਰਹੀ। ਸਕੂਲ ਦੇ ਚੇਅਰਮੈਨ ਸ਼ਿੰਦਰਪਾਲ ਸਿੰਘ ਨੇ ਵੀ ਸਾਰੇ ਭਾਗੀਦਾਰਾਂ ਅਤੇ ਜੇਤੂਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜੀਆਂ। ਇਸ ਮੁਕਾਬਲੇ ਨੂੰ ਸਫਲ ਬਣਾਉਣ ਵਿੱਚ ਡਾਂਸ ਅਧਿਆਪਕ ਸੁਨੀਲ ਅਤੇ ਸ਼੍ਰੀਮਤੀ ਕੁਸਮ ਲੁਥਰਾ ਦਾ ਮਹੱਤਵਪੂਰਨ ਯੋਗਦਾਨ ਰਿਹਾ। ਨਾਲ ਹੀ ਹਾਊਸ ਮਾਸਟਰ ਅਮਨ, ਕੁਲਦੀਪ, ਸਰਬਜੀਤ ਅਤੇ ਰੇਖਾ ਨੇ ਵੀ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ । ਸੋਲੋ ਡਾਂਸ ਮੁਕਾਬਲੇ ਵਿੱਚ ਵਿੰਬਲਡਨ ਹਾਊਸ ਦੀ ਲਵਿਆ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਹਿਲਾ ਸਥਾਨ ਹਾਸਲ ਕੀਤਾ। ਮੈਨਚੈਸਟਰ ਹਾਊਸ ਦੀ ਮਨਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਲਾਰਡਜ਼ ਹਾਊਸ ਦੀ ਸਹਿਜਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਗਰੁੱਪ ਡਾਂਸ ਮੁਕਾਬਲੇ ਵਿੱਚ ਲਾਰਡਜ਼ ਹਾਊਸ ਨੇ ਪਹਿਲਾ ਸਥਾਨ, ਰੋਇਲ ਗੋਲਫ ਹਾਊਸ ਨੇ ਦੂਜਾ ਸਥਾਨ ਅਤੇ ਵਿੰਬਲਡਨ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਜੇਤੂਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਨਾਲ ਹੀ ਸਾਰੇ ਭਾਗੀਦਾਰਾਂ ਦੀ ਭਰਪੂਰ ਸਰਾਹਨਾ ਕੀਤੀ ਗਈ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਆਪਣੀ ਕਲਾ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ ਗਿਆ।ਸਕੂਲ ਪ੍ਰਬੰਧਕਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਨ੍ਰਿਤ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਆਤਮ- ਵਿਸ਼ਵਾਸ, ਅਨੁਸ਼ਾਸਨ ਅਤੇ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ। ਅਜੇਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ, ਰਚਨਾਤਮਕਤਾ, ਨੇਤ੍ਰਿਤਵ ਸਮਰੱਥਾ ਅਤੇ ਟੀਮ ਭਾਵਨਾ ਦਾ ਵਿਕਾਸ ਕਰਦੇ ਹਨ।