ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਆਟੋ ਪਲਟਿਆ, ਚਾਲਕ ਸਮੇਤ 10 ਜ਼ਖ਼ਮੀ
ਜਾ.ਸ., ਕਪੂਰਥਲਾ : ਐਤਵਾਰ
Publish Date: Sun, 19 Apr 2026 11:17 PM (IST)
Updated Date: Sun, 19 Apr 2026 11:18 PM (IST)

ਜਾ.ਸ., ਕਪੂਰਥਲਾ : ਐਤਵਾਰ ਦੁਪਹਿਰ ਕਰੀਬ 2 ਵਜੇ ਸ੍ਰੀ ਗੋਇੰਦਵਾਲ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਭਰਿਆ ਇੱਕ ਆਟੋ ਪਿੱਛੇ ਆ ਰਹੀ ਤੇਜ਼ ਰਫਤਾਰ ਕਾਰ ਨਾਲ ਜ਼ੋਰਦਾਰ ਟੱਕਰ ਦਾ ਸ਼ਿਕਾਰ ਹੋ ਗਿਆ। ਇਹ ਟੱਕਰ ਇੰਨੀ ਭਿਆਨਕ ਸੀ ਕਿ ਆਟੋ ਕੰਟਰੋਲ ਗਵਾ ਕੇ ਸੜਕ ’ਤੇ ਪਲਟ ਗਿਆ। ਇਸ ਹਾਦਸੇ ਵਿਚ ਪੰਜ ਔਰਤਾਂ ਅਤੇ ਤਿੰਨ ਬੱਚਿਆਂ ਸਮੇਤ ਦਸ ਲੋਕ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਆਟੋ ਦਾ ਚਾਲਕ ਵੀ ਸ਼ਾਮਲ ਹੈ। ਇਹ ਘਟਨਾ ਮੁੰਡੀਆਂ ਮੋੜ-ਦੰਦੂਪੁਰ ਦੇ ਨੇੜੇ ਵਾਪਰੀ। ਜ਼ਖ਼ਮੀਆਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਕਪੂਰਥਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਤੋਂ ਬਾਅਦ ਕਾਰ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀਆਂ ਦੀ ਪਛਾਣ ਬਲਜੀਤ ਕੌਰ ਪਤਨੀ ਹਰਜਿੰਦਰ ਸਿੰਘ, ਪਰਮਜੀਤ ਕੌਰ ਪਤਨੀ ਮਨਜੀਤ ਸਿੰਘ, ਹਰਦੀਪ ਕੌਰ ਪਤਨੀ ਸੁਖਵਿੰਦਰ ਸਿੰਘ, ਸੱਤ ਸਾਲਾ ਹਰਲੀਨ ਕੌਰ ਪੁੱਤਰ ਵਿਕਰਮ ਸਿੰਘ, ਮਨਜੀਤ ਕੌਰ ਪਤਨੀ ਵਿਕਰਮ ਸਿੰਘ, ਜਸਵਿੰਦਰ ਕੌਰ ਪਤਨੀ ਸਤਪਾਲ ਸਿੰਘ, ਮਨਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ, 14 ਸਾਲਾ ਚਾਹਤਪ੍ਰੀਤ ਕੌਰ ਪੁੱਤਰ ਹਰਜਿੰਦਰ ਸਿੰਘ, ਸੱਤ ਸਾਲਾ ਰੋਹਨਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਨਿਵਾਸੀ ਕਟਨੀ ਗੇਟ ਕਰਤਾਰਪੁਰ ਅਤੇ ਆਟੋ ਚਾਲਕ ਦਰਸ਼ਨ ਪਾਲ ਪੁੱਤਰ ਜਾਗਰ ਰਾਮ ਨਿਵਾਸੀ ਕਰਤਾਰਪੁਰ ਦੇ ਰੂਪ ਵਿਚ ਹੋਈ ਹੈ। ਸਿਵਲ ਹਸਪਤਾਲ ਵਿਚ ਇਲਾਜ ਕਰਵਾ ਰਹੇ ਜ਼ਖਮੀ ਦਰਸ਼ਨ ਪਾਲ ਨੇ ਦੱਸਿਆ ਕਿ ਉਹ ਆਟੋ ਚਾਲਕ ਹੈ। ਹਾਦਸੇ ਦੀ ਜਾਣਕਾਰੀ ਸਬੰਧਿਤ ਥਾਣੇ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।