ਗਊ ਸੈੱਸ ਨਾਲ ਹੋਵੇ ਅਵਾਰਾ ਘੁੰਮਦੀਆਂ ਗਊਆਂ ਦੀ ਸਹਾਇਤਾ : ਰਮਨ ਸ਼ਰਮਾ
ਗਊ ਸੈਸ ਨਾਲ ਹੋਵੇ ਅਵਾਰਾ ਘੁਮਦੀਆਂ ਗਊਆਂ ਦੀ ਸਹਾਇਤਾ,ਰਮਨ ਸ਼ਰਮਾ
Publish Date: Thu, 26 Feb 2026 09:14 PM (IST)
Updated Date: Thu, 26 Feb 2026 09:16 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼ਿਵ ਸੈਨਾ ਫਗਵਾੜਾ ਦੇ ਪ੍ਰਧਾਨ ਰਮਨ ਸ਼ਰਮਾ ਨੇ ਅੱਜ ਇਕ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਗੰਭੀਰ ਤੌਰ ‘ਤੇ ਘੇਰਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰਾਂ ਗਊਸ਼ਾਲਾਵਾਂ ਵਿਚ ਉਨ੍ਹਾਂ ਗਊਆਂ ਦੀ ਸੰਭਾਲ ਕਰਨ ਵਿਚ ਅਸਫਲ ਰਹੀ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਲਕ ਦੁੱਧ ਦੇਣਾ ਬੰਦ ਕਰਨ ਤੋਂ ਬਾਅਦ ਛੱਡ ਜਾਂਦੇ ਹਨ। ਰਮਨ ਸ਼ਰਮਾ ਨੇ ਕਿਹਾ ਕਿ ਸਰਕਾਰ ਲੋਕਾਂ ਤੋਂ ਗਊ ਸੈੱਸ ਦੇ ਨਾਂ ‘ਤੇ ਟੈਕਸ ਇਕੱਠਾ ਕਰ ਰਹੀ ਹੈ, ਪਰ ਜਦੋਂ ਗੱਲ ਗਊਆਂ ਦੀ ਸਹੀ ਦੇਖਭਾਲ ਤੇ ਸੰਭਾਲ ਦੀ ਆਉਂਦੀ ਹੈ ਤਾਂ ਪ੍ਰਬੰਧ ਨਜ਼ਰ ਨਹੀਂ ਆਉਂਦਾ। ਉਨ੍ਹਾਂ ਨੇ ਸਵਾਲ ਕੀਤਾ ਕਿ ਜਦੋਂ ਸਰਕਾਰਾਂ ਗਊ ਰੱਖਿਆ ਦੇ ਨਾਂ ‘ਤੇ ਰਕਮ ਵਸੂਲ ਰਹੀਆਂ ਹਨ ਤਾਂ ਫਿਰ ਗਊਸ਼ਾਲਾਵਾਂ ਵਿਚ ਢਾਂਚਾਗਤ ਸੁਵਿਧਾਵਾਂ, ਚਾਰੇ ਦਾ ਪ੍ਰਬੰਧ ਤੇ ਡਾਕਟਰੀ ਸਹੂਲਤਾਂ ਕਿਉਂ ਨਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ? ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਛੱਡੀਆਂ ਗਈਆਂ ਗਊਆਂ ਸੜਕਾਂ ‘ਤੇ ਘੁੰਮਦੀਆਂ ਦਿਖਾਈ ਦਿੰਦੀਆਂ ਹਨ, ਜਿਸ ਨਾਲ ਟ੍ਰੈਫਿਕ ਹਾਦਸਿਆਂ ਦਾ ਖਤਰਾ ਵੱਧ ਰਿਹਾ ਹੈ ਤੇ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਹ ਸਥਿਤੀ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦੀ ਹੈ। ਰਮਨ ਸ਼ਰਮਾ ਨੇ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਗਊ ਸੁਰੱਖਿਆ ਲਈ ਵਚਨਬੱਧ ਹੈ ਤਾਂ ਗਊਸ਼ਾਲਾਵਾਂ ਦੀ ਗਿਣਤੀ ਵਧਾਈ ਜਾਵੇ ਤੇ ਉਨ੍ਹਾਂ ਨੂੰ ਯੋਗ ਆਰਥਿਕ ਮਦਦ ਦਿੱਤੀ ਜਾਵੇ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਕਿ ਉਹ ਇਸ ਮਾਮਲੇ ਵਿਚ ਸੂਬਾ ਸਰਕਾਰ ਨਾਲ ਮਿਲ ਕੇ ਢੁਕਵੇਂ ਕਦਮ ਚੁੱਕੇ। ਰਮਨ ਸ਼ਰਮਾ ਨੇ ਕਿਹਾ ਕਿ ਗਊ ਮਾਤਾ ਦੀ ਸੇਵਾ ਸਿਰਫ਼ ਰਾਜਨੀਤਿਕ ਮੁੱਦਾ ਨਹੀਂ ਹੋਣਾ ਚਾਹੀਦਾ, ਬਲਕਿ ਇਹ ਸਾਡੀ ਧਾਰਮਿਕ ਤੇ ਸਾਂਸਕ੍ਰਿਤਿਕ ਜ਼ਿੰਮੇਵਾਰੀ ਹੈ। ਇਸ ਲਈ ਜ਼ਰੂਰੀ ਹੈ ਕਿ ਗਊਸ਼ਾਲਾਵਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਚਲਾਇਆ ਜਾਵੇ ਤੇ ਗਊ ਸੈੱਸ ਦੀ ਰਕਮ ਦਾ ਸਹੀ ਇਸਤੇਮਾਲ ਯਕੀਨੀ ਬਣਾਇਆ ਜਾਵੇ। ਰਮਨ ਸ਼ਰਮਾ ਨੇ ਇਹ ਵੀ ਕਿਹਾ ਕਿ ਕਈ ਵਾਰ ਗਰੀਬ ਪਰਿਵਾਰਾਂ ਲਈ ਉਸ ਗਊ ਨੂੰ ਗਊਸ਼ਾਲਾ ਤੱਕ ਪਹੁੰਚਾਉਣਾ ਮੁਸ਼ਕਿਲ ਹੋ ਜਾਂਦਾ ਹੈ ਜੋ ਦੁੱਧ ਦੇਣਾ ਬੰਦ ਕਰ ਚੁੱਕੀ ਹੋਵੇ। ਅਜਿਹੇ ਲੋਕਾਂ ਲਈ ਸਰਕਾਰ ਵੱਲੋਂ ਕੋਈ ਸਪੱਸ਼ਟ ਪ੍ਰਣਾਲੀ ਨਹੀਂ ਬਣਾਈ ਗਈ। ਉਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਕਿਸੇ ਵਿਅਕਤੀ ਨੂੰ ਆਪਣੀ ਗਾਂ, ਜੋ ਹੁਣ ਦੁੱਧ ਨਹੀਂ ਦੇ ਰਹੀ, ਗਊਸ਼ਾਲਾ ਵਿਚ ਭੇਜਣ ਵਿਚ ਕੋਈ ਦਿੱਕਤ ਆ ਰਹੀ ਹੈ ਤਾਂ ਉਹ ਸ਼ਿਵ ਸੈਨਾ ਫਗਵਾੜਾ ਨਾਲ ਸੰਪਰਕ ਕਰ ਸਕਦਾ ਹੈ। ਸੰਗਠਨ ਵੱਲੋਂ ਪੂਰੀ ਮਦਦ ਕੀਤੀ ਜਾਵੇਗੀ ਤਾਂ ਜੋ ਗਊ ਨੂੰ ਸੁਰੱਖਿਅਤ ਢੰਗ ਨਾਲ ਗਊਸ਼ਾਲਾ ਤੱਕ ਪਹੁੰਚਾਇਆ ਜਾ ਸਕੇ। ਅੰਤ ਵਿਚ ਰਮਨ ਸ਼ਰਮਾ ਨੇ ਕਿਹਾ ਕਿ ਜੇਕਰ ਸਰਕਾਰਾਂ ਨੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਸ਼ਿਵ ਸੈਨਾ ਫਗਵਾੜਾ ਵੱਲੋਂ ਵੱਡੇ ਪੱਧਰ ‘ਤੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਗਊ ਮਾਤਾ ਦੀ ਸੰਭਾਲ ਤੇ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ ਤੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਸੰਘਰਸ਼ ਜਾਰੀ ਰਹੇਗਾ।