ਐੱਲਪੀਜੀ ਡਿਲੀਵਰੀ ਓਟੀਪੀ ਧੋਖਾਧੜੀ ਤੋਂ ਸਾਵਧਾਨ ਰਹਿਣ ਖਪਤਕਾਰ : ਕੇਨੀ
ਐਲਪੀਜੀ ਡਿਲੀਵਰੀ ਓਟੀਪੀ ਧੋਖਾਧੜੀ ਤੋਂ ਸਾਵਧਾਨ ਰਹਿਣ ਖਪਤਕਾਰ : ਕੰਵਲਨੈਨ ਸਿੰਘ ਕੇਨੀ
Publish Date: Sat, 16 May 2026 07:45 PM (IST)
Updated Date: Sat, 16 May 2026 07:45 PM (IST)

--ਜਾਅਲੀ ਕਾਲਾਂ ਤੇ ਵਟਸਐਪ ਸੁਨੇਹਿਆਂ ਰਾਹੀਂ ਓਟੀਪੀ ਲੈ ਕੇ ਖਾਤਿਆਂ ’ਚੋਂ ਪੈਸੇ ਉਡਾ ਰਹੇ ਨੇ ਠੱਗ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਦੇਸ਼ ਦੀਆਂ ਪ੍ਰਮੁੱਖ ਐੱਲਪੀਜੀ ਗੈਸ ਕੰਪਨੀਆਂ ਇੰਡੇਨ ਗੈਸ, ਐੱਚਪੀ ਗੈਸ ਤੇ ਭਾਰਤ ਗੈਸ ਵੱਲੋਂ ਗਾਹਕਾਂ ਨੂੰ ਡਿਲੀਵਰੀ ਪ੍ਰਮਾਣੀਕਰਨ ਕੋਡ (ਡੀਏਸੀ) ਜਾਂ ਓਟੀਪੀ ਕਿਸੇ ਨਾਲ ਵੀ ਸਾਂਝਾ ਨਾ ਕਰਨ ਲਈ ਸਖ਼ਤ ਚੇਤਾਵਨੀ ਜਾਰੀ ਕੀਤੀ ਗਈ ਹੈ। ਕੰਪਨੀਆਂ ਅਨੁਸਾਰ ਸਾਈਬਰ ਠੱਗ ਜਾਅਲੀ ਕਾਲਾਂ ਤੇ ਸੁਨੇਹਿਆਂ ਰਾਹੀਂ ਖਪਤਕਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਤੇ ਗੈਸ ਡਿਲੀਵਰੀ ਜਾਂ ਕੇਵਾਈਸੀ ਅਪਡੇਟ ਦੇ ਨਾਮ ‘ਤੇ ਓਟੀਪੀ ਹਾਸਲ ਕਰਕੇ ਬੈਂਕ ਖਾਤਿਆਂ ਤੇ ਡਿਜੀਟਲ ਵਾਲੇਟਾਂ ਵਿਚੋਂ ਰਕਮ ਚੋਰੀ ਕਰ ਰਹੇ ਹਨ। ਜਾਣਕਾਰੀ ਅਨੁਸਾਰ ਠੱਗ ਪਹਿਲਾਂ ਗੈਸ ਏਜੰਸੀ ਦੇ ਨਾਮ ‘ਤੇ ਜਾਅਲੀ ਐੱਸਐੱਮਐੱਸ ਜਾਂ ਵਟਸਐਪ ਸੁਨੇਹੇ ਭੇਜਦੇ ਹਨ, ਜਿਨ੍ਹਾਂ ਵਿਚ ਡਿਲੀਵਰੀ ਰੱਦ ਹੋਣ ਜਾਂ ਤੁਰੰਤ ਕੇਵਾਈਸੀ ਅਪਡੇਟ ਦੀ ਚੇਤਾਵਨੀ ਦਿੱਤੀ ਜਾਂਦੀ ਹੈ। ਇਸ ਤੋਂ ਕੁਝ ਸਮੇਂ ਬਾਅਦ ਖੁਦ ਨੂੰ ਗੈਸ ਏਜੰਸੀ ਅਧਿਕਾਰੀ ਦੱਸਦੇ ਹੋਏ ਫ਼ੋਨ ਕਰਕੇ ਗਾਹਕਾਂ ਤੋਂ ਓਟੀਪੀ ਮੰਗਿਆ ਜਾਂਦਾ ਹੈ। ਜਿਵੇਂ ਹੀ ਖਪਤਕਾਰ ਕੋਡ ਸਾਂਝਾ ਕਰਦਾ ਹੈ, ਠੱਗ ਉਸਦੇ ਲਿੰਕ ਬੈਂਕ ਖਾਤਿਆਂ ਜਾਂ ਐਪਸ ਤੱਕ ਪਹੁੰਚ ਹਾਸਲ ਕਰ ਲੈਂਦੇ ਹਨ। ਜੱਜ ਗੈਸ ਸਰਵਿਸ ਸੁਲਤਾਨਪੁਰ ਦੇ ਐੱਮਡੀ ਕੰਵਲਨੈਨ ਸਿੰਘ ਕੇਨੀ ਨੇ ਗ੍ਰਾਹਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਕੋਈ ਵੀ ਗੈਸ ਏਜੰਸੀ ਕਰਮਚਾਰੀ ਕਦੇ ਵੀ ਫ਼ੋਨ ‘ਤੇ ਓਟੀਪੀ ਜਾਂ ਡਿਲੀਵਰੀ ਕੋਡ ਨਹੀਂ ਮੰਗਦਾ। ਉਨ੍ਹਾਂ ਕਿਹਾ ਕਿ ਗ੍ਰਾਹਕ ਆਪਣਾ ਕੋਡ ਸਿਰਫ਼ ਸਿਲੰਡਰ ਡਿਲੀਵਰੀ ਸਮੇਂ ਅਧਿਕਾਰਤ ਡਿਲੀਵਰੀ ਬੁਆਏ ਨੂੰ ਹੀ ਦੇਣ ਤੇ ਕਿਸੇ ਵੀ ਸ਼ੱਕੀ ਕਾਲ ਜਾਂ ਸੁਨੇਹੇ ਤੋਂ ਸਾਵਧਾਨ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਗ੍ਰਾਹਕ ਨੂੰ ਸ਼ੱਕੀ ਕਾਲ ਆਉਂਦੀ ਹੈ ਤਾਂ ਤੁਰੰਤ ਆਪਣੀ ਗੈਸ ਏਜੰਸੀ ਜਾਂ ਸਾਈਬਰ ਹੈਲਪਲਾਈਨ 1930 ‘ਤੇ ਸੰਪਰਕ ਕੀਤਾ ਜਾਵੇ। ਤੇਲ ਮਾਰਕੀਟਿੰਗ ਕੰਪਨੀਆਂ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਓਟੀਪੀ ਸਿਰਫ਼ ਘਰ ‘ਤੇ ਸਿਲੰਡਰ ਪਹੁੰਚਾਉਣ ਵਾਲੇ ਅਧਿਕਾਰਤ ਡਿਲੀਵਰੀ ਕਰਮਚਾਰੀ ਨੂੰ ਹੀ ਦਿੱਤਾ ਜਾਵੇ। ਕਿਸੇ ਵੀ ਫ਼ੋਨ ਕਾਲ, ਵਟਸਐਪ ਜਾਂ ਅਣਜਾਣ ਲਿੰਕ ‘ਤੇ ਓਟੀਪੀ ਸਾਂਝਾ ਨਾ ਕੀਤਾ ਜਾਵੇ। ਸਾਈਬਰ ਮਾਹਿਰਾਂ ਅਨੁਸਾਰ ਜੇਕਰ ਕੋਈ ਵਿਅਕਤੀ ਗਲਤੀ ਨਾਲ ਆਪਣਾ ਓਟੀਪੀ ਸਾਂਝਾ ਕਰ ਬੈਠੇ ਤਾਂ ਤੁਰੰਤ ਰਾਸ਼ਟਰੀ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ‘ਤੇ ਸ਼ਿਕਾਇਤ ਦਰਜ ਕਰਵਾਈ ਜਾਵੇ ਤਾਂ ਜੋ ਸਮੇਂ ਸਿਰ ਕਾਰਵਾਈ ਹੋ ਸਕੇ।