ਬੱਚਿਆਂ ਨੂੰ ਸੱਭਿਆਚਾਰਕ ਮੁੱਲਾਂ ਨਾਲ ਜੋੜਨਾ ਸਮੇਂ ਦੀ ਲੋੜ : ਖਾਲਸਾ
ਬੱਚਿਆਂ ਨੂੰ ਸੱਭਿਆਚਾਰਕ ਮੁੱਲਾਂ ਨਾਲ ਜੋੜਨਾ ਸਮੇਂ ਦੀ ਲੋੜ,ਖਾਲਸਾ
Publish Date: Tue, 28 Apr 2026 06:56 PM (IST)
Updated Date: Tue, 28 Apr 2026 06:58 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਅੱਜ ਦੇ ਆਧੁਨਿਕ ਯੁੱਗ ਵਿਚ ਜਿਥੇ ਤਕਨਾਲੋਜੀ ਤੇ ਪੱਛਮੀ ਪ੍ਰਭਾਵ ਤੇਜ਼ੀ ਨਾਲ ਵਧ ਰਹੇ ਹਨ, ਉੱਥੇ ਸਾਡੇ ਰੀਤੀ-ਰਿਵਾਜਾਂ ਤੇ ਸੱਭਿਆਚਾਰ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੋ ਗਿਆ ਹੈ। ਬੱਚੇ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਬਚਪਨ ਤੋਂ ਹੀ ਆਪਣੀ ਸੱਭਿਆਚਾਰਕ ਵਿਰਾਸਤ ਤੋਂ ਜਾਣੂ ਕਰਵਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵਕ ਚਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਾਡੇ ਰੀਤੀ-ਰਿਵਾਜ ਸਿਰਫ ਰਸਮਾਂ ਨਹੀਂ, ਸਗੋਂ ਸਾਡੀ ਪਛਾਣ ਹਨ। ਇਹ ਸਾਨੂੰ ਸਿਖਾਉਂਦੇ ਹਨ ਕਿ ਵੱਡਿਆਂ ਦਾ ਆਦਰ ਕਿਵੇਂ ਕਰਨਾ ਹੈ, ਮਿਲ-ਜੁਲਕੇ ਕਿਵੇਂ ਰਹਿਣਾ ਹੈ ਤੇ ਜੀਵਨ ਦੇ ਮੁੱਲਾਂ ਨੂੰ ਕਿਵੇਂ ਅਪਣਾਉਣਾ ਹੈ। ਜੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਇਹ ਸਿੱਖਿਆ ਦਿੱਤੀ ਜਾਵੇ, ਤਾਂ ਉਹ ਨਾ ਸਿਰਫ ਚੰਗੇ ਇਨਸਾਨ ਬਣਦੇ ਹਨ, ਸਗੋਂ ਆਪਣੇ ਸਮਾਜ ਤੇ ਦੇਸ਼ ਲਈ ਵੀ ਲਾਭਦਾਇਕ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਤੇ ਅਧਿਆਪਕਾਂ ਦੀ ਇਸ ਵਿਚ ਮਹੱਤਵਪੂਰਨ ਭੂਮਿਕਾ ਹੈ। ਘਰ ਵਿਚ ਬੱਚਿਆਂ ਨੂੰ ਆਪਣੀਆਂ ਪਰੰਪਰਾਵਾਂ, ਤਿਉਹਾਰਾਂ ਤੇ ਭਾਸ਼ਾ ਨਾਲ ਜੋੜਿਆ ਜਾਵੇ ਤੇ ਸਕੂਲਾਂ ਵਿਚ ਵੀ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸ ਨਾਲ ਬੱਚਿਆਂ ਵਿਚ ਆਪਣੇ ਸੰਸਕਾਰਾਂ ਪ੍ਰਤੀ ਮਾਣ ਤੇ ਸਨਮਾਨ ਦੀ ਭਾਵਨਾ ਵਿਕਸਤ ਹੁੰਦੀ ਹੈ। ਆਓ, ਅਸੀਂ ਸਾਰੇ ਮਿਲ ਕੇ ਇਹ ਯਕੀਨੀ ਬਣਾਈਏ ਕਿ ਸਾਡੀ ਆਉਣ ਵਾਲੀ ਪੀੜ੍ਹੀ ਆਪਣੀ ਸੱਭਿਆਚਾਰਕ ਧਰੋਹਰ ਨੂੰ ਸਮਝੇ, ਸਾਂਭੇ ਤੇ ਅੱਗੇ ਵਧਾਏ। ਇਹੀ ਸਾਡੀ ਅਸਲੀ ਤਰੱਕੀ ਤੇ ਪਛਾਣ ਹੈ।