ਕਾਂਗਰਸੀ ਮਨਜਿੰਦਰ ਸਿੰਘ ਤੇ ਦਲਬੀਰ ਸਿੰਘ ਅਕਾਲੀ ਦਲ ’ਚ ਸ਼ਾਮਲ
ਵਾਰਡ ਨੰਬਰ 47 ਤੋਂ ਕਾਂਗਰਸ ਨੂੰ ਲੱਗਾ ਵੱਡਾ ਝਟਕਾ ਮਨਜਿੰਦਰ ਸਿੰਘ ਮਨੀ ਤੇ ਦਲਬੀਰ ਸਿੰਘ ਅਕਾਲੀ ਦਲ ਵਿੱਚ ਹੋਏ ਸ਼ਾਮਿਲ
Publish Date: Sun, 26 Apr 2026 07:42 PM (IST)
Updated Date: Sun, 26 Apr 2026 07:46 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਪੂਰਥਲਾ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋ ਹਲਕੇ ਦੇ ਵਾਰਡ ਨੰਬਰ 47 ਤੋਂ ਮਨਜਿੰਦਰ ਸਿੰਘ ਮਨੀ ਤੇ ਦਲਬੀਰ ਸਿੰਘ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਕਬੂਲਦਿਆਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਤੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਇਸ ਮੌਕੇ ਮਨਜਿੰਦਰ ਸਿੰਘ ਮਨੀ ਤੇ ਦਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸੂਬੇ ਦੀ ਖੇਤਰੀ ਪਾਰਟੀ ਦੀਆਂ ਨੀਤੀਆਂ ਤੇ ਸੁਖਬੀਰ ਸਿੰਘ ਬਾਦਲ ਦੀ ਸੋਚ ਸਦਕਾ ਅੱਜ ਕਾਂਗਰਸ ਪਾਰਟੀ ਛੱਡ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਸਿੱਧੂ ਤੇ ਵਾਲੀਆ ਨੇ ਕਿਹਾ ਕਿ ਇਨ੍ਹਾਂਦੇ ਆਉਣ ਨਾਲ ਪਾਰਟੀ ਨੂੰ ਬਲ ਮਿਲਿਆ ਹੈ ਤੇ ਪਾਰਟੀ ਵਿਚ ਇਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਇਕੋ ਇਕ ਅਜਿਹੀ ਸਿਆਸੀ ਪਾਰਟੀ ਹੈ, ਜਿਸ ਨੇ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਮੋਰਚੇ ਵੀ ਲਗਾਏ ਤੇ ਅਨੇਕਾਂ ਕੁਰਬਾਨੀਆਂ ਵੀ ਦਿੱਤੀਆਂ। ਇਹੋ ਕਾਰਨ ਹੈ ਕਿ ਪੰਜਾਬ ਦੇ ਅਨੇਕਾਂ ਲੋਕ ਹੁਣ ਅਕਾਲੀ ਦਲ ਵੱਲ ਵੇਖ ਰਹੇ ਹਨ। ਆਗੂਆਂ ਨੇ ਕਿਹਾ ਕਿ ਅਕਾਲੀ ਦਲ ਹੀ ਪੰਜਾਬ ਦੀ ਇਕੋ-ਇਕ ਤੇ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ। ਬਾਕੀ ਸਭ ਪਾਰਟੀਆਂ ਜਿਵੇਂ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਬਸਪਾ, ਸੀਪੀਆਈ ਤੇ ਸੀਪੀਐੱਮ ਜੋ ਪੰਜਾਬ ਵਿਚ ਵਿਚਰਦੀਆਂ ਹਨ, ਦੀ ਸਿਆਸਤ ਤੇ ਚੋਣ ਨੀਤੀ ਉਨ੍ਹਾਂ ਦੀ ਕੇਂਦਰੀ ਲੀਡਰਸ਼ਿਪ ਦੀ ਸੋਚ ਤੇ ਸਿਆਸਤ ’ਤੇ ਆਧਾਰਿਤ ਹੁੰਦੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਐੱਸਸੀ ਵਿੰਗ ਦੇ ਸੂਬਾ ਸੀਨੀਅਰ ਉਪ ਪ੍ਰਧਾਨ ਜੀਆ ਲਾਲ ਨਾਹਰ, ਸ਼ਹਿਰੀ ਪ੍ਰਧਾਨ ਅਜੇ ਬਬਲਾ, ਯੂਥ ਸ਼ਹਿਰੀ ਪ੍ਰਧਾਨ ਨੀਰਜ ਨਾਹਰ, ਵਾਰਡ ਨੰਬਰ 47 ਦੇ ਵਾਰਡ ਇੰਚਾਰਜ ਟੀਟੂ ਮਾਹਲਾ ਤੇ ਹੋਰ ਸ਼੍ਰੋਮਣੀ ਅਕਾਲੀ ਵਰਕਰ ਹਾਜ਼ਰ ਸਨ।