ਕਮਿਸ਼ਨ ਨੇ ਦਲਿਤ ਮੁਲਾਜ਼ਮ ਨੂੰ ਨੌਕਰੀ ਤੋਂ ਕੱਢਣ ਦਾ ਲਿਆ ਸਖਤ ਨੋਟਿਸ

ਵਿਜੇ ਸੋਨੀ, ਪੰਜਾਬੀ ਜਾਗਰਣ
ਫਗਵਾੜਾ : ਕੁਝ ਮਹੀਨੇ ਪਹਿਲਾਂ ਨਗਰ ਨਿਗਮ ਦੇ ਇਕ ਮੁਲਾਜ਼ਮ ਵੱਲੋਂ ਕੂੜਾ ਢੋਣ ਵਾਲੀ ਗੱਡੀ ਵਿਚ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਲਿਜਾਇਆ ਗਿਆ ਜਿਸ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦਿਆਂ ਸਾਰ ਲੋਕਾਂ ਨੇ ਨਗਰ ਨਿਗਮ ਫਗਵਾੜਾ ਦੀ ਬੁਰੀ ਤਰਾਂ ਫਜੀਹਤ ਕੀਤੀ। ਆਪਣੇ ਉੱਚ ਅਧਿਕਾਰੀਆਂ ਨੂੰ ਬਚਾਉਣ ਦੇ ਚੱਕਰ ਵਿੱਚ ਨਗਰ ਨਿਗਮ ਫਗਵਾੜਾ ਨੇ ਡਰਾਈਵਰ ਉੱਪਰ ਕਾਰਵਾਈ ਕਰਦੇ ਹੋਏ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ। ਬੀਤੇ 40 ਦਿਨਾਂ ਤੋਂ ਡਰਾਈਵਰ ਗੋਬਿੰਦ ਘਈ ਨਗਰ ਨਿਗਮ ਫਗਵਾੜਾ ਵਿਚ ਧਰਨਾ ਲਗਾ ਕੇ ਭੁੱਖ ਹੜਤਾਲ ’ਤੇ ਬੈਠਾ ਹੋਇਆ ਹੈ। ਇਸ ਦੇ ਬਾਵਜੂਦ ਨਿਗਮ ਦੇ ਉੱਚ ਅਧਿਕਾਰੀਆਂ ਨੇ ਉਸ ਦੀ ਕੋਈ ਸਾਰ ਨਹੀਂ ਲਈ।
ਆਖਰਕਾਰ ਇਹ ਸ਼ਿਕਾਇਤ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਕੋਲ ਪੁੱਜੀ ਜਿਨ੍ਹਾਂ ਨੇ ਤੁਰੰਤ ਐਕਸ਼ਨ ਲੈਂਦਿਆਂ ਨੋਟਿਸ ਜਾਰੀ ਕਰਦਿਆਂ ਨਿਗਮ ਕਮਿਸ਼ਨਰ ਐੱਸਡੀਐੱਮ ਅਤੇ ਹੋਰ ਅਧਿਕਾਰੀਆਂ ਨੂੰ ਧਰਨਾ ਲਗਾ ਕੇ ਬੈਠੇ ਗੋਬਿੰਦ ਘਈ ਕੋਲ ਤਲਬ ਕਰ ਲਿਆ। ਇੱਥੇ ਬਕਾਇਦਾ ਕੁਰਸੀਆਂ ਲਗਾਈਆਂ ਗਈਆਂ ਸਨ ਪਰ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਸਾਰੇ ਅਧਿਕਾਰੀਆਂ ਨੂੰ ਧਰਨੇ ਵਾਲੀ ਦਰੀ ’ਤੇ ਹੀ ਗੋਬਿੰਦ ਘਈ ਦੇ ਨਾਲ ਬਿਠਾ ਲਿਆ ਤੇ ਮਾਮਲੇ ਦੀ ਸੁਣਵਾਈ ਕਰਨ ਲੱਗੇ। ਇਸ ਮੌਕੇ ਹੈਰਾਨੀ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ, ਬੜੀ ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਨਿਗਮ ਮੁਲਾਜ਼ਮ ਆਪਣੀ ਮਰਜ਼ੀ ਨਾਲ ਡੱਖਾ ਨਹੀਂ ਤੋੜ ਸਕਦਾ ਤੇ ਫਿਰ ਗੋਬਿੰਦ ਘਈ ਗੱਡੀ ਵਿੱਚ ਮ੍ਰਿਤਕ ਦੇਹ ਕਿਵੇਂ ਲੈ ਗਿਆ। ਉਸ ਨੂੰ ਕਿਸੇ ਨੇ ਜ਼ਰੂਰ ਆਰਡਰ ਦਿੱਤੇ ਹੋਣਗੇ। ਇਸ ਸਬੰਧੀ ਜਦੋਂ ਉਨ੍ਹਾਂ ਨੂੰ ਦਿੱਤੇ ਗਏ ਆਰਡਰਾਂ ਦੀ ਜਾਣਕਾਰੀ ਦਿੱਤੀ ਗਈ ਤਾਂ ਉਨ੍ਹਾਂ ਮੌਕੇ ’ਤੇ ਹੀ ਅਧਿਕਾਰੀ ਹਿਤੇਸ਼ ਕੁਮਾਰ ਨੂੰ ਤਲਬ ਕੀਤਾ ਜਿਸ ਨੂੰ ਇਹ ਸਾਰੇ ਮਾਮਲੇ ਵਿੱਚ ਪਹਿਲਾਂ ਸਸਪੈਂਡ ਵੀ ਕੀਤਾ ਗਿਆ ਸੀ। ਇਸ ਦੇ ਬਾਵਜੂਦ ਉਸ ਦੀ ਮੁੜ ਤੋਂ ਜੁਆਇਨਿੰਗ ਹੋ ਗਈ ਪਰ ਮੁਲਾਜ਼ਮ ਗੋਬਿੰਦ ਘਈ ਨੂੰ ਨੌਕਰੀ ਲੈਣ ਲਈ ਪਿਛਲੇ 40 ਦਿਨਾਂ ਤੋਂ ਧਰਨੇ ’ਤੇ ਬੈਠਣਾ ਪਿਆ। ਜਾਣਕਾਰੀ ਦਿੰਦਿਆਂ ਗੜ੍ਹੀ ਨੇ ਦੱਸਿਆ ਕਿ ਕਮਿਸ਼ਨ ਨੇ ਇਕ ਮਾਮਲੇ ਵਿਚ ਨਗਰ ਨਿਗਮ ਵਿਖੇ ਤਾਇਨਾਤ ਇਕ ਦਲਿਤ ਮੁਲਾਜ਼ਮ ਨੂੰ ਨੌਕਰੀ ਤੋਂ ਕੱਢਣ ਦਾ ਸਖਤ ਨੋਟਿਸ ਲਿਆ ਹੈ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਫਗਵਾੜਾ ਵਿਖੇ ਤਾਇਨਾਤ ਇਕ ਦਲਿਤ ਮੁਲਾਜ਼ਮ ਨੇ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਨਗਰ ਨਿਗਮ ਵਲੋਂ ਕੂੜਾ ਚੁੱਕਣ ਵਾਲੀ ਗੱਡੀ ਦਾ ਡਰਾਇਵਰ ਹੈ। ਪਿਛਲੇ ਸਾਲ ਨਵੰਬਰ ਮਹੀਨੇ ਦੌਰਾਨ ਉਸ ਨੂੰ ਕੇਵਲ ਇਸ ਕਰ ਕੇ ਕੱਢ ਦਿੱਤਾ ਗਿਆ ਸੀ ਕਿ ਉਸ ਨੇ ਇਕ ਅਣਪਛਾਤੀ ਮ੍ਰਿਤਕ ਦੇਹ ਨੂੰ ਮੌਕੇ ’ਤੇ ਕੋਈ ਵਾਹਨ ਨਾ ਮਿਲਣ ’ਤੇ ਕੂੜਾ ਚੁੱਕਣ ਵਾਲੀ ਗੱਡੀ ਵਿਚ ਸਿਵਲ ਹਸਪਤਾਲ ਤੋਂ ਸ਼ਮਸ਼ਾਨਘਾਟ ਤੱਕ ਪਹੁੰਚਾਇਆ ਸੀ। ਉਸਨੇ ਦੱਸਿਆ ਕਿ ਇਸ ’ਤੇ ਨਗਰ ਨਿਗਮ ਨੇ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਅਤੇ ਮਾਨਸਿਕ ਤੌਰ ’ਤੇ ਤੰਗ-ਪਰੇਸ਼ਾਨ ਕੀਤਾ। ਨੌਕਰੀ ਤੋਂ ਕੱਢਣ ਤੋਂ ਬਾਅਦ ਉਸ ਨੇ ਨਗਰ ਨਿਗਮ ਤੋਂ ਨੌਕਰੀ ’ਤੇ ਵਾਪਸ ਰੱਖਣ ਲਈ ਧਰਨਾ ਵੀ ਦਿੱਤਾ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਕਮਿਸ਼ਨ ਦੇ ਚੇਅਰਮੈਨ ਨੇ ਦੱਸਿਆ ਕਿ ਕਮਿਸ਼ਨ ਵਲੋਂ ਇਸ ਦਾ ਸਖਤ ਨੋਟਿਸ ਲਿਆ ਗਿਆ ਹੈ। ਕਮਿਸ਼ਨ ਨੇ ਨਗਰ ਨਿਗਮ ਅਧਿਕਾਰੀਆਂ ਤੋਂ ਵਿਸਥਾਰ ਨਾਲ ਮਾਮਲੇ ਦੇ ਤੱਥਾਂ ਸਬੰਧੀ ਸਾਰਾ ਰਿਕਾਰਡ ਕਮਿਸ਼ਨ ਸਾਹਮਣੇ ਪੇਸ਼ ਕਰਨ ਲਈ ਕਿਹਾ ਹੈ ਅਤੇ ਪਿਛਲੇ 5 ਸਾਲਾਂ ਦੌਰਾਨ ਅਣਪਛਾਤੀਆਂ ਮੌਤਾਂ ਸਬੰਧੀ ਵੀ ਰਿਕਾਰਡ ਮੰਗਿਆ ਹੈ। ਕਮਿਸ਼ਨਰ ਨਗਰ ਨਿਗਮ ਸ਼ਿਖਾ ਭਗਤ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇਸ ਦਾ ਨਿਯਮਾਂ ਤਹਿਤ ਜਲਦ ਹੱਲ ਕੀਤਾ ਜਾਵੇ।