ਮੁੱਖ ਮੰਤਰੀ ਸਿਹਤ ਯੋਜਨਾ ਲੋਕਾਂ ਲਈ ਵਰਦਾਨ : ਚੱਬੇਵਾਲ
ਮੁੱਖ ਮੰਤਰੀ ਸਿਹਤ ਯੋਜਨਾ ਲੋਕਾਂ ਲਈ ਵਰਦਾਨ : ਚੱਬੇਵਾਲ
Publish Date: Sat, 16 May 2026 06:39 PM (IST)
Updated Date: Sat, 16 May 2026 06:42 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਤਰਾਂ ਦੀ ਮਿਆਰੀ ਸਿਹਤ ਸਹੂਲਤਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਤਾਂ ਮਿਲੇ ਹੀ, ਨਾਲ ਹੀ ਉਨ੍ਹਾਂ ਨੂੰ ਵਿੱਤੀ ਬੋਝ ਨਾ ਸਹਿਣਾ ਪਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਨੇ ਸਬ ਡਿਵੀਜ਼ਨਲ ਹਸਪਤਾਲ ਫਗਵਾੜਾ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਤਹਿਤ ਲਗਾਏ ਕੈਂਪ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਦਸਿਆ ਕਿ ਫਗਵਾੜਾ ਵਿਚ 44 ਹਜ਼ਾਰ ਤੋਂ ਵੱਧ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣ ਚੁੱਕੇ ਹਨ। ਇਸਦਾ ਮੁੱਖ ਮਕਸਦ ਲੋਕਾਂ ਨੂੰ 10 ਲੱਖ ਰੁਪੈ ਦੀ ਕੈਸ਼ਲੈਸ ਇਲਾਜ ਦੀ ਸਹੂਲਤ ਸਰਕਾਰੀ ਤੇ ਸੂਚੀਬੱਧ ਹਸਪਤਾਲਾਂ ਵਿਚ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦਸਿਆ ਕਿ ਉਕਤ ਸਕੀਮ ਅਜਿਹੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਜਿਹੜੇ ਆਰਥਿਕ ਪੱਖ ਤੋਂ ਆਪਣਾ ਇਲਾਜ ਕਰਵਾਉਣ ਤੋਂ ਅਸਮਰਥ ਹਨ। ਡਾ. ਚੱਬੇਵਾਲ ਨੇ ਇਹ ਵੀ ਦਸਿਆ ਕਿ ਹੁਣ ਤਕ ਪੰਜਾਬ ਦੇ ਅਣਗਿਣਤ ਲੋਕ ਇਸ ਸਕੀਮ ਤਹਿਤ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਆਪਣਾ ਮੁਫ਼ਤ ਇਲਾਜ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਵੀ ਲਗਾਏ ਜਾਣ ਤਾਂ ਜੋ ਲੋਕਾਂ ਲਈ ਬੀਮਾ ਕਾਰਡ ਬਣਵਾਉਣਾ ਹੋਰ ਅਸਾਨ ਹੋ ਸਕੇ। ਇਹੀ ਨਹੀਂ ਉਨ੍ਹਾਂ ਦਸਿਆ ਕਿ ਜਨਤਾ ਦੀ ਸਹੂਲਤ ਲਈ ਜ਼ਿਲ੍ਹਾ ਕਪੂਰਥਲਾ ਵਿਚ 5 ਨਵੇਂ ਆਮ ਆਦਮੀ ਕਲੀਨਿਕ (ਦੋ ਰੂਰਲ ਏਰੀਆ ਡੋਲੀ ਤੇ ਮੋਲੀ, ਤਿੰਨ ਅਰਬਨ ਏਰੀਆ ਪੀਪਾ ਰੰਗੀ, ਪਲਾਹੀ ਗੇਟ, ਓਂਕਾਰ ਨਗਰ) ਬਣਾਏ ਜਾ ਰਹੇ ਹਨ ਤੇ ਜਨਤਾ ਲਈ ਜਲਦ ਹੀ ਇਨ੍ਹਾਂ ਕਲੀਨਿਕਾਂ ਤੇ ਵੀ ਸਿਹਤ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਰੇ ਹੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਆਪਣੇ ਆਪ ਨੂੰ ਇਨਰੋਲ ਕਰਵਾਉਣ ਤੇ ਸਰਕਾਰ ਵੱਲੋਂ 10 ਲੱਖ ਰੁਪਏ ਤੱਕ ਦੇ ਇਲਾਜ ਦੀ ਸੁਵਿਧਾ ਦਾ ਲਾਭ ਉਠਾਉਣ। ਉਨ੍ਹਾਂ ਇਹ ਵੀ ਦਸਿਆ ਕਿ ਕਪੂਰਥਲਾ ਵਿਖੇ ਬਣ ਰਿਹਾ ਮੈਡੀਕਲ ਕਾਲਜ ਲੋਕਾਂ ਲਈ ਬਹੁਤ ਹੀ ਫ਼ਾਇਦੇਮੰਦ ਸਾਬਿਤ ਹੋਏਗਾ। ਇਸ ਤੋਂ ਇਲਾਵਾ ਸੀਨੀਅਰ ਮੈਡੀਕਲ ਅਫ਼ਸਰ ਫ਼ਗਵਾੜਾ ਡਾ. ਸਿਮਰਦੀਪ ਕੌਰ ਨੇ ਹਸਪਤਾਲ ਦੀ ਕਾਰਗੁਜ਼ਾਰੀ ਤੇ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਐੱਮਪੀ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਬਣ ਰਹੇ ਨਵੇਂ ਮੈਡੀਕਲ ਕਾਲਜ ਦੀ ਸਾਈਟ ਦਾ ਨਿਰੀਖਣ ਕੀਤਾ ਗਿਆ ਸੀ। ਇਸ ਮੌਕੇ ਐੱਸਡੀਐੱਮ ਰਣਦੀਪ ਸਿੰਘ, ਐੱਸਪੀ ਫਗਵਾੜਾ ਮਾਧਵੀ ਸ਼ਰਮਾ, ਐੱਸਐੱਮਓ ਸਿਮਰਦੀਪ ਕੌਰ, ਡਾ. ਰਵੀ ਕੁਮਾਰ, ਬਿਸੰਬਰ ਦਾਸ, ਮੇਅਰ ਰਾਮ ਪਾਲ ਉੱਪਲ, ਡਿਪਟੀ ਮੇਅਰ ਵਿੱਕੀ ਸੂਦ, ਕਾਲਾ ਅਠੌਲੀ, ਦਲਜੀਤ ਰਾਜੂ, ਪਾਲਾ ਗੋਮੀ, ਦੀਪਕ ਕਪਤਾਨ, ਪ੍ਰਿਤਪਾਲ ਕੌਰ ਤੁਲੀ, ਸੰਤੋਸ਼ ਗੋਗੀ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।