ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਪੂਰਾ ਕਰਨ ਸੀਐੱਮ : ਖੁਰਾਣਾ
ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦਾ ਮੁੱਖ ਮੰਤਰੀ ਭਗਵੰਤ ਮਾਨ ਚੋਣਾਂ ਤੋਂ ਪਹਿਲਾਂ ਕੀਤਾ ਵਾਅਦਾ ਪੂਰਾ ਕਰਕੇ ਜਾਣ- ਰਣਜੀਤ ਸਿੰਘ ਖੁਰਾਣਾ
Publish Date: Tue, 05 May 2026 09:35 PM (IST)
Updated Date: Tue, 05 May 2026 09:35 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਹੁਣ ਇਸ ਐਲਾਨ ਨੂੰ ਲਗਭਗ ਪੰਜ ਸਾਲ ਪੂਰੇ ਹੋਣ ਵਾਲੇ ਹਨ ਪਰ ਨਾ ਤੇ ਫਗਵਾੜਾ ਜ਼ਿਲ੍ਹਾ ਬਣਿਆ ਤੇ ਨਾ ਹੀ ਸਿਵਲ ਹਸਪਤਾਲ ਫਗਵਾੜਾ ਮਲਟੀਸਪੈਸ਼ਿਲਟੀ ਸਹੂਲਤਾਂ ਨਾਲ ਲੈਸ ਹੋ ਸਕਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਫਗਵਾੜਾ ਦੇ ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਸੂਬਾ ਕੋਰ ਕਮੇਟੀ ਮੈਂਬਰ (ਇੰਡਸਟਰੀ ਤੇ ਵਪਾਰ ਵਿੰਗ ਪੰਜਾਬ) ਨੇ ਕਿਹਾ ਕਿ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਭਗਵੰਤ ਸਿੰਘ ਮਾਨ ਨੂੰ ਜਲਦ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਇਲਾਕੇ ਦੇ ਲੋਕਾਂ ਨੂੰ ਪ੍ਰਸ਼ਾਸਨਿਕ ਸਹੂਲਤਾਂ ਵਿਚ ਵੱਡਾ ਫ਼ਾਇਦਾ ਹੋਵੇਗਾ ਤੇ ਵਿਕਾਸ ਦੇ ਨਵੇਂ ਦਰਵਾਜ਼ੇ ਖੁੱਲਣਗੇ। ਖੁਰਾਣਾ ਨੇ ਅੱਗੇ ਕਿਹਾ ਕਿ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਲੋਕ ਇਸਦੀ ਉਮੀਦ ਕਰ ਰਹੇ ਹਨ ਕਿ ਮੁੱਖ ਮੰਤਰੀ ਮਾਨ ਹੁਣ ਫਗਵਾੜਾ ਫੇਰੀ ਦੌਰਾਨ ਲੋਕਾਂ ਨਾਲ ਕੀਤੇ ਇਸ ਵਾਅਦੇ ਨੂੰ ਪੂਰਾ ਕਰਕੇ ਜਾਣਗੇ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਫਗਵਾੜਾ ਨੂੰ ਜ਼ਿਲ੍ਹਾ ਘੋਸ਼ਿਤ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ। ਰਣਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜ਼ੋਰ ਸ਼ੋਰ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਚਾਰ ਸਾਲਾਂ ਵਿਚ ਪੰਜਾਬ ਵਾਸੀਆਂ ਨਾਲ ਕੀਤੇ ਹਰ ਇਕ ਵਾਅਦੇ ਨੂੰ ਇਨ ਬਿਨ ਪੂਰਾ ਕੀਤਾ ਹੈ ਤਾਂ ਫਿਰ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਵਾਲਾ ਵਾਅਦਾ ਕਿੱਥੇ ਗਿਆ? ਜਿਸ ਨੂੰ ਲਗਭਗ ਚਾਰ ਸਾਲ ਹੋ ਚੁੱਕੇ ਹਨ ਤੇ ਹੁਣ ਆਮ ਆਦਮੀ ਪਾਰਟੀ ਦਾ ਕਾਰਜਕਾਲ ਵੀ ਪੂਰਾ ਹੋਣ ਵਾਲਾ ਹੈ ਪਰ ਇਸ ਦੇ ਬਾਵਜੂਦ ਵੀ ਫਗਵਾੜੇ ਨੂੰ ਜ਼ਿਲ੍ਹਾ ਬਣਾਉਣ ਦਾ ਮੁੱਦਾ ਠੁੱਸ ਬਣ ਕੇ ਹੀ ਰਹਿ ਗਿਆ। ਫਗਵਾੜਾ ਵਾਸੀਆਂ ਨੂੰ ਦਿਨੇ ਤਾਰੇ ਦਿਖਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਸਿਵਲ ਹਸਪਤਾਲ ਫਗਵਾੜਾ ਨੂੰ ਸਾਰੀਆਂ ਮਲਟੀਸਪੈਸ਼ਲਟੀ ਸਹੂਲਤਾਂ ਨਾਲ ਲੈਸ ਕਰ ਦੇਣਗੇ ਤਾਂ ਜੋ ਮਰੀਜ਼ਾਂ ਨੂੰ ਜਲੰਧਰ ਤੇ ਲੁਧਿਆਣਾ ਰੈਫਰ ਕਰਨ ਤੋਂ ਰੋਕਿਆ ਜਾ ਸਕੇ ਪਰ ਹੋਇਆ ਕੁਝ ਵੀ ਨਹੀ। ਉਸ ਦੇ ਉਲਟ ਹੁਣ ਫੇਰ ਇਕ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਕਰਾਨਾ ਯਾਤਰਾ ਕਰਦਿਆਂ ਫਗਵਾੜਾ ਵਿੱਚੋ ਲੰਘਣਾ ਹੈ ਤੇ ਫਗਵਾੜਾ ਵਾਸੀਆਂ ਨੂੰ ਸੰਬੋਧਨ ਵੀ ਕਰਨਾ ਹੈ ਤੇ ਇਸੇ ਦੌਰਾਨ ਹੁਣ ਜੋ ਫਗਵਾੜਾ ਦੇ ਲੋਕਾਂ ਨਾਲ ਉਨ੍ਹਾਂ ਵਾਅਦਾ ਕੀਤਾ ਸੀ ਉਸ ਨੂੰ ਵੀ ਜ਼ਿਲ੍ਹਾ ਬਣਾ ਕੇ ਪੂਰਾ ਕਰ ਦੇਣ, ਨਹੀਂ ਤਾਂ ਆਗਾਮੀ 2027 ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਪਹਿਲ ਦੇ ਅਧਾਰ ’ਤੇ ਫਗਵਾੜੇ ਨੂੰ ਜ਼ਿਲਾ ਬਣਾਇਆ ਜਾਵੇਗਾ।