ਆਨਲਾਈਨ ਵਿਕਰੀ ਦੇ ਵਿਰੋਧ ‘ਚ ਕੈਮਿਸਟਾਂ ਦੀ ਹੜਤਾਲ 20 ਨੂੰ : ਅਗਰਵਾਲ
ਦਵਾਈਆਂ ਦੀ ਆਨਲਾਈਨ ਵਿਕਰੀ ਦੇ ਵਿਰੋਧ ‘ਚ ਕੈਮਿਸਟਾਂ ਦੀ ਹੜਤਾਲ 20 ਮਈ ਨੂੰ - ਰਾਕੇਸ਼ ਅੱਗਰਵਾਲ
Publish Date: Sat, 16 May 2026 06:33 PM (IST)
Updated Date: Sat, 16 May 2026 06:33 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜ਼ਿਲ੍ਹਾ ਕਪੂਰਥਲਾ ਕੈਮਿਸਟ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਕੇਸ਼ ਅਗਰਵਾਲ ਤੇ ਚੇਅਰਮੈਨ ਵੀਪੀ ਸਿੰਘ ਅਰੋੜਾ ਦੀ ਸਾਂਝੀ ਅਗਵਾਈ ਹੇਠ ਪੂਨਮ ਹੋਟਲ ਵਿਖੇ ਹੋਈ, ਜਿਸ ਵਿਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਆਲ ਇੰਡੀਆ ਆਰਗਨਾਈਜੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ (ਏਆਈਓਸੀਡੀ) ਦੇ ਸੱਦੇ ‘ਤੇ 20 ਮਈ ਦਿਨ ਬੁੱਧਵਾਰ ਨੂੰ ਕਾਰੋਬਾਰ ਪੂਰੀ ਤਰ੍ਹਾਂ ਨਾਲ ਬੰਦ ਰੱਖ ਕੇ ਦਵਾਈਆਂ ਦੀ ਆਨਲਾਈਨ ਵਿਕਰੀ ਦਾ ਵਿਰੋਧ ਦਰਜ ਕਰਵਾਇਆ ਜਾਵੇਗਾ। ਮੀਟਿੰਗ ਉਪੰਰਤ ਜਾਣਕਾਰੀ ਦਿੰਦੇ ਹੋਏ ਅਗਰਵਾਲ ਤੇ ਅਰੋੜਾ ਤੋਂ ਇਲਾਵਾ ਐਸੋਸੀਏਸ਼ਨ ਦੇ ਜ਼ਿਲ੍ਹਾ ਸਕੱਤਰ ਵਿਨੀਤ ਗਾਬਾ ਨੇ ਦੱਸਿਆ ਕਿ ਦਵਾਈਆਂ ਦੀ ਆਨਲਾਈਨ ਵਿਕਰੀ ਤੇ ਵੱਡੇ ਬ੍ਰਾਂਡਾਂ ਦੇ ਰਿਟੇਲ ਸਟੋਰਾਂ ‘ਤੇ ਦਿੱਤੀਆਂ ਜਾਣ ਵਾਲੀਆਂ ਭਾਰੀ ਛੋਟਾਂ ਦੇ ਵਿਰੋਧ ਵਿਚ ਪੰਜਾਬ ਭਰ ਦੇ ਕੈਮਿਸਟ 20 ਮਈ ਨੂੰ ਇਕ ਦਿਨ ਦੀ ਹੜਤਾਲ ਕਰਨਗੇ। ਉਨ੍ਹਾਂ ਦੱਸਿਆ ਕਿ ਕੇਂਦਰੀ ਤੇ ਰਾਜ ਪੱਧਰ ’ਤੇ ਲਏ ਜਾ ਰਹੇ ਕੁਝ ਫੈਸਲਿਆਂ ਕਾਰਨ ਦਵਾਈ ਡੀਲਰਾਂ ਵਿਚ ਭਾਰੀ ਰੋਸ ਹੈ। ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਦੇ ਸੱਦੇ ਤੋਂ ਬਾਅਦ, ਕੈਮਿਸਟਾਂ ਨੇ ਅੱਜ 15 ਮਈ ਤੋਂ ਹੜਤਾਲ ਵਾਲੇ ਦਿਨ ਤੱਕ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਵੀ ਲਿਆ ਹੈ। ਉਨ੍ਹਾਂ ਦੱਸਿਆ ਕਿ ਫਾਰਮੇਸੀਆਂ 19 ਮਈ ਦੀ ਅੱਧੀ ਰਾਤ ਤੋਂ 20 ਮਈ ਦੀ ਅੱਧੀ ਰਾਤ ਤੱਕ ਬੰਦ ਰਹਿਣਗੀਆਂ। ਹਾਲਾਂਕਿ, ਐਮਰਜੈਂਸੀ ਸੇਵਾਵਾਂ ਨੂੰ ਜਾਰੀ ਰੱਖਣ ‘ਤੇ ਸਹਿਮਤੀ ਪ੍ਰਗਟਾਈ ਗਈ ਹੈ। ਗੰਭੀਰ ਰੂਪ ਵਿਚ ਬਿਮਾਰ ਮਰੀਜ਼ਾਂ ਦੀ ਸਹੂਲਤ ਦਾ ਖਾਸ ਖਿਆਲ ਰੱਖਿਆ ਜਾਵੇਗਾ। ਐਸੋਸੀਏਸ਼ਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਆਨਲਾਈਨ ਕੰਪਨੀਆਂ ਸਹੀ ਜਾਂਚ ਤੋਂ ਬਿਨਾਂ ਦਵਾਈਆਂ ਦੀ ਡਿਲੀਵਰੀ ਕਰ ਰਹੀਆਂ ਹਨ। ਬਹੁਤ ਸਾਰੇ ਪਲੇਟਫਾਰਮ ਬਿਨਾਂ ਡਾਕਟਰੀ ਪਰਚੀ ਦੇ ਨਕਲੀ ਤੇ ਨਸ਼ੀਲੀਆਂ ਦਵਾਈਆਂ ਆਫਰ ਕਰ ਰਹੇ ਹਨ, ਜਿਸ ਨਾਲ ਲੋਕਾਂ ਦੀ ਸਿਹਤ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਐਸੋਸੀਏਸ਼ਨ ਵੱਲੋਂ ਸਰਕਾਰ ਨੂੰ ਆਨਲਾਈਨ ਦਵਾਈਆਂ ’ਤੇ ਸਖਤ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ ਗਈ। ਨਾਲ ਹੀ ਜਨ ਓਸ਼ਧੀ ਕੇਂਦਰਾਂ ਦੀ ਜਾਂਚ ਦੀ ਮੰਗ ਵੀ ਕੀਤੀ ਤੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮੀਟਿੰਗ ਵਿਚ ਰਸ਼ਪਾਲ ਰਾਏ ਬਾਵਾ, ਸੰਤੋਸ਼ ਗੋਗੀ, ਮਨੀਸ਼ ਸਿੰਗਲਾ ਰੋਕੀ, ਤਰੁਣ ਅੱਗਰਵਾਲ, ਵਰਿੰਦਰ ਦੁੱਗਲ, ਦਿਪਾਂਸ਼ੂ ਚਾਵਲਾ, ਮੁਕੇਸ਼ ਬਾਂਸਲ, ਨੀਰਜ ਸਿੰਗਲਾ, ਇਸ਼ਾਨ ਪਸਰੀਚਾ, ਰਿੰਕੂ ਬਾਂਸਲ ਆਦਿ ਹਾਜ਼ਰ ਸਨ। ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਨੂੰ ਦਿੱਤਾ ਜਾਵੇਗਾ ਮੰਗ ਪੱਤਰ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ 20 ਮਈ ਨੂੰ ਸਵੇਰੇ 11 ਵਜੇ ਰੈਸਟ ਹਾਉਸ ਫਗਵਾੜਾ ਵਿਖੇ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਨੂੰ ਇਕ ਮੰਗ ਪੱਤਰ ਵੀ ਦਿੱਤਾ ਜਾਵੇਗਾ ਤੇ ਨਾਲ ਹੀ ਮੰਗ ਕੀਤੀ ਜਾਵੇਗੀ ਕਿ ਉਨ੍ਹਾਂ ਦੀ ਲੰਮੇ ਸਮੇਂ ਤੋਂ ਦਵਾਈਆਂ ਦੀ ਆਨਲਾਈਨ ਵਿਕਰੀ ਨੂੰ ਬੰਦ ਕਰਵਾਉਣ ਸਬੰਧੀ ਚਲਦੀ ਆ ਰਹੀ ਮੰਗ ਨੂੰ ਸੰਸਦ ਵਿਚ ਪੁਰਜ਼ੋਰ ਤਰੀਕੇ ਨਾਲ ਉਠਾਇਆ ਜਾਵੇ। ਜ਼ਿਲ੍ਹਾ ਪ੍ਰਧਾਨ ਰਾਕੇਸ਼ ਅਗਰਵਾਲ ਅਤੇ ਚੇਅਰਮੈਨ ਵੀਪੀ ਸਿੰਘ ਅਰੋੜਾ ਨੇ ਫਗਵਾੜਾ ਦੇ ਸਮੂਹ ਕੈਮਿਸਟਾਂ ਨੂੰ ਅਪੀਲ ਕੀਤੀ ਕਿ 20 ਮਈ ਨੂੰ ਸਵੇਰੇ 11 ਵਜੇ ਰੈਸਟ ਹਾਉਸ ਫਗਵਾੜਾ ਵਿਖੇ ਹਾਜ਼ਰੀ ਯਕੀਨੀ ਬਨਾਉਣ ਤਾਂ ਜੋ ਆਪਣੀਆਂ ਜਾਇਜ਼ ਮੰਗਾ ਨੂੰ ਪੁਖ਼ਤਾ ਢੰਗ ਨਾਲ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਦੇ ਰਾਹੀਂ ਕੇਂਦਰ ਸਰਕਾਰ ਤੱਕ ਪਹੁੰਚਾਇਆ ਜਾ ਸਕੇ।