ਮੌਸਮ ਦੇ ਬਦਲੇ ਮਿਜ਼ਾਜ ਨਾਲ ਦਾਣਾ ‘ਸੁੰਗੜਿਆ’, ਝਾੜ ’ਤੇ ਪਿਆ ਅਸਰ
ਮੌਸਮ ਦੇ ਬਦਲੇ ਮਿਜਾਜ ਨੇ ਕਿਸਾਨਾਂ ਦੀ ਵਧਾਈ ਚਿੰਤਾ, ਦਾਣਾ ‘ਸੁੰਗੜਿਆ’, ਝਾੜ ਤੇ ਅਸਰ, ਹਨੇਰੀ ਅਤੇ ਝੱਖੜ ਨਾਲ ਡਿੱਗੀ ਫ਼ਸਲ
Publish Date: Mon, 30 Mar 2026 09:14 PM (IST)
Updated Date: Mon, 30 Mar 2026 09:15 PM (IST)

ਕਣਕ ’ਤੇ ਪਹਿਲਾਂ ਗਰਮੀ ਦਾ ਪਿਆ ਅਸਰ, ਫਿਰ ਮੀਹ ਦੀ ਪਈ ਮਾਰ ਹਨੇਰੀ ਕਰਕੇ ਫਸਲਾਂ ਦਾ ਹੋਇਆ ਨੁਕਸਾਨ : ਕਿਸਾਨ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕਿਸਾਨ ਦੀ ਵੀ ਜੂਨ ਬੁਰੀ ਹੈ, ਫਸਲਾਂ ਦਾ ਪੂਰਾ ਭਾਅ ਨਹੀਂ ਮਿਲਦਾ, ਐੱਮਐੱਸਪੀ ਦੀ ਗਰੰਟੀ ਨਹੀਂ ਮਿਲਦੀ, ਖੇਤੀ ਪੈਦਾਵਾਰ ਵਾਲੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ, ਜਦੋਂ ਫਸਲ ਪੱਕਣ ਕਿਨਾਰੇ ਆ ਜਾਂਦੀ ਹੈ ਤਾਂ ਮੌਸਮ ਦੀ ਮਾਰ ਪੈ ਜਾਂਦੀ ਹੈ। ਪਹਾੜਾਂ ਤੇ ਮੈਦਾਨੀ ਇਲਾਕਿਆਂ ਵਿਚ ਪੈ ਰਹੇ ਤੇਜ਼ ਮੀਂਹ, ਹਨੇਰੀ ਤੇ ਝੱਖੜ ਕਰਕੇ ਜਿਥੇ ਮੌਸਮ ਬਦਲ ਗਿਆ, ਉਥੇ ਹੀ ਕਿਸਾਨਾਂ ਦੀ ਚਿੰਤਾ ਵੀ ਵੱਧ ਰਹੀ ਹੈ। ਬੀਤੀ ਰਾਤ ਤੇਜ਼ ਹਨੇਰੀ ਤੇ ਝੱਖੜ ਨੇ ਪੁੱਤਾਂ ਵਾਂਗ ਪਾਲੀ ਕਿਸਾਨ ਦੀ ਕਣਕ ਵਾਲੀ ਫਸਲ ਡੇਗ ਦਿੱਤੀ, ਜਿਸ ਕਰਕੇ ਕਿਸਾਨਾਂ ਦਾ ਜਿਥੇ ਭਾਰੀ ਨੁਕਸਾਨ ਹੋਇਆ, ਉਥੇ ਹੀ ਮੌਸਮ ਦੇ ਬਦਲੇ ਮਿਜ਼ਾਜ ਨੇ ਫਸਲ ਦਾ ਝਾੜ ਵੀ ਮਾਰ ਦਿੱਤਾ ਤੇ ਦਾਣਾ ਵੀ ਨੁਕਸਾਨਿਆ ਗਿਆ। ਖੇਤੀਬਾੜੀ ਮਾਹਰਾਂ ਨੇ ਦੱਸਿਆ ਕਿ ਮਾਰਚ ਮਹੀਨੇ ਪਈ ਤਪਸ਼ ਵਾਲੀ ਗਰਮੀ ਨੇ ਫਸਲ ਦਾ ਭਾਰੀ ਨੁਕਸਾਨ ਕੀਤਾ, ਫਿਰ ਕਣੀਆਂ ਪੈ ਗਈਆਂ, ਜਿਸ ਨਾਲ ਕਣਕ ਨੂੰ ਕੁਝ ਰਾਹਤ ਮਿਲੀ, ਫਿਰ ਤਪਸ਼ ਵੱਧ ਗਈ, ਹੁਣ ਫਿਰ ਮੀਂਹ ਪੈ ਗਿਆ, ਜਿਸ ਕਰਕੇ ਫਸਲ ਦਾ ਨੁਕਸਾਨ ਹੋਇਆ। ਉਥੇ ਹੀ ਦਾਣਾ ਵੀ ਸੁੰਗੜ ਗਿਆ, ਜਿਸ ਨਾਲ ਮੰਡੀਆਂ ਵਿਚ ਜਦੋਂ ਫਸਲ ਆਏਗੀ, ਉਦੋਂ ਨਮੀ ਦਾ ਵੀ ਅਸਰ ਦੇਖਣ ਨੂੰ ਮਿਲੇਗਾ, ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋਣਾ ਸੁਭਾਵਿਕ ਹੈ। ਬੀਤੀ ਦੇਰ ਰਾਤ ਤੇਜ਼ ਹਨੇਰੀ ਤੇ ਝੱਖੜ ਨੇ ਦੋਆਬਾ ਖੇਤਰ ਦੇ ਜ਼ਿਲ੍ਹਾ ਕਪੂਰਥਲਾ ਵਿਚ ਪੈਂਦੇ ਪ੍ਰਮੁੱਖ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਅਦਾਲਤ ਚੱਕ, ਜਬੋਵਾਲ, ਦਿਪੇਵਾਲ, ਸਰਾਏ ਜੱਟਾਂ, ਟਿੱਬਾ, ਤਲਵੰਡੀ ਚੌਧਰੀਆਂ, ਠੱਟਾ ਨਵਾਂ, ਭਾਗੋਰਾਇਆ, ਬੁਸੋਵਾਲ, ਮੰਡ ਖੇਤਰ ਦੇ ਪਿੰਡ ਆਹਲੀ, ਬਾਊਪੁਰ, ਭਰੋਆਣਾ ਆਦਿ ਇਲਾਕਿਆਂ ਵਿਚ ਫਸਲ ਨੂੰ ਨੁਕਸਾਨ ਪਹੁੰਚਿਆ ਹੈ। ਤੇਜ਼ ਹਨੇਰੀ ਕਰਕੇ ਕਣਕ ਦੀ ਫਸਲ ਵੀ ਬਿਸ ਗਈ, ਜਿਸ ਨਾਲ ਝਾੜ ਵੀ ਨੁਕਸਾਨਿਆ ਜਾਏਗਾ। ਉਥੇ ਹੀ ਦਾਣਾ ਵੀ ਸੁੰਗੜ ਜਾਏਗਾ। ਮੌਸਮ ਵਿਭਾਗ ਅਨੁਸਾਰ ਆਉਂਦੇ ਦਿਨਾਂ ਵਿਚ ਵੀ ਮੌਸਮ ਦਾ ਅਸਰ ਫਸਲ ’ਤੇ ਪੈ ਸਕਦਾ ਹੈ। ਕਿਸਾਨਾਂ ਦੀ ਮੰਗ, ਫ਼ਸਲ ਦਾ ਮਿਲੇ ਮੁਆਵਜ਼ਾ ਪੀੜਤ ਕਿਸਾਨ ਪਰਮਜੀਤ ਸਿੰਘ, ਦਵਿੰਦਰ ਸਿੰਘ, ਅਮਰ ਸਿੰਘ, ਹਰਜਿੰਦਰ ਸਿੰਘ, ਅਮਰੀਕ ਸਿੰਘ ਨੇ ਦੱਸਿਆ ਕਿ ਮਾਰਚ ਮਹੀਨੇ ਤਪਸ਼ ਨੇ ਫਸਲ ਦਾ ਨੁਕਸਾਨ ਕੀਤਾ ਫਿਰ ਮੌਸਮ ਠੰਡਾ ਹੋ ਗਿਆ ਉਸਨੇ ਕੁਝ ਰਾਹਤ ਦਿੱਤੀ। ਹੁਣ ਫਿਰ ਮੀਂਹ ਤੇ ਹਨੇਰੀ ਕਾਰਨ ਫਸਲ ਨੂੰ ਨੁਕਸਾਨ ਝੱਲਣਾ ਪਿਆ ਤੇ ਇਸਦਾ ਅਸਰ ਕਿਸਾਨ ਦੀ ਆਰਥਿਕਤਾ ’ਤੇ ਪੈਣਾ ਲਾਜ਼ਮੀ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਇਸ ਵਾਰ ਫਸਲ ਦਾ ਝਾੜ ਵੀ ਘਟੇਗਾ ਤੇ ਦਾਣਾ ਵੀ ਛੋਟਾ ਤੇ ਪਤਲਾ ਆਏਗਾ। ਇਸ ਮੌਕੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਖੇਤੀਬਾੜੀ ਵਿਭਾਗ ਤੇ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਜਾਣ ਕਿ ਜਿਸ ਇਲਾਕੇ ਵਿਚ ਮੌਸਮ ਦੇ ਬਦਲੇ ਮਿਜ਼ਾਜ ਤੇ ਮੀਹ ਤੇ ਹਨੇਰੀ ਕਰਕੇ ਫਸਲਾਂ ਦਾ ਨੁਕਸਾਨ ਹੋਇਆ ਹੈ, ਉਸਦੀ ਗਿਰਦਾਵਰੀ ਕਰਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮੰਡੀਆਂ ਵਿਚ ਫਸਲ ਦੀ ਆਮਦ ’ਤੇ ਨਮੀ ਦਾ ਬਹਾਨਾ ਬਣਾਕੇ ਕਿਸਾਨਾਂ ਨੂੰ ਖੱਜਲ ਨਾ ਕੀਤਾ ਜਾਵੇ ਤੇ ਕਣਕ ਦੀ ਤੁਰੰਤ ਖਰੀਦ ਕੀਤੀ ਜਾਵੇ। ਸੰਯੁਕਤ ਕਿਸਾਨ ਮੋਰਚੇ ਦੇ ਐਡਵੋਕੇਟ ਰਜਿੰਦਰ ਸਿੰਘ ਰਾਣਾ, ਮਾ. ਚਰਨ ਸਿੰਘ ਹੈਬਤਪੁਰ, ਅਮਰਜੀਤ ਸਿੰਘ ਟਿੱਬਾ, ਮਾ. ਸੁੱਚਾ ਸਿੰਘ ਮਿਰਜਪੁਰ ਨੇ ਕਿਹਾ ਕਿ ਬੀਤੇ ਇਕ ਸਾਲ ਤੋਂ ਕਿਸਾਨ ਕੁਦਰਤੀ ਮਾਰ ਹੇਠ ਦਬਿਆ ਪਿਆ ਹੈ। ਬੀਤੇ ਸਾਲ ਕਣਕ ਤੇ ਝੋਨੇ ਦੀ ਫਸਲ ਤੋਂ ਇਲਾਵਾ ਸਬਜ਼ੀਆਂ ਵਾਲੇ ਕਾਸ਼ਤਕਾਰ ਪਹਿਲਾਂ ਹੀ ਆਰਥਿਕ ਮੰਦੀ ਦਾ ਡੰਗ ਝੱਲ ਰਹੇ ਹਨ। ਬਾਕੀ ਕਸਰ ਆਲੂਆਂ ਦੀ ਫਸਲ ਨੇ ਪੂਰੀ ਕਰ ਦਿੱਤੀ ਹੈ। 30 ਤੋਂ 40 ਹਜ਼ਾਰ ਰੁਪਏ ਦੇ ਘਾਟੇ ਦਾ ਖਦਸ਼ਾ ਹੈ। ਹੁਣ ਕਣਕ ਦੀ ਫਸਲ ਕਿਸਾਨਾਂ ਦੀ ਆਸ ਬਣੀ ਹੋਈ ਹੈ ਪਰ ਬੇਮੌਸਮੀ ਮੀਂਹ, ਹਨੇਰੀ, ਝੱਖੜ ਨੇ ਕਈ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਵਿਛਾ ਦਿੱਤਾ ਹੈ, ਜਿਸਦਾ ਘਾਟਾ ਵੀ ਸਹਿਣਾ ਪਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਨੁਕਸਾਨੀ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ।