ਕਸਾਵਾ ਫ਼ਸਲ ਕਿਸਾਨਾਂ ਦੀ ਆਮਦਨ ਵਧਾਏਗੀ : ਰਾਣਾ ਗੁਰਜੀਤ ਸਿੰਘ
ਕਸਾਵਾ" ਫ਼ਸਲ ਕਿਸਾਨਾਂ ਦੀ ਆਮਦਨ ਵਧਾਏਗੀ ਤੇ ਪੰਜਾਬ ਨੂੰ ਮਾਰੂਥਲ ਬਣਨ ਤੋਂ ਬਚਾਏਗੀ : ਰਾਣਾ ਗੁਰਜੀਤ ਸਿੰਘ
Publish Date: Tue, 24 Feb 2026 07:59 PM (IST)
Updated Date: Tue, 24 Feb 2026 08:01 PM (IST)

ਪੰਜਾਬ ਨੂੰ ਮਾਰੂਥਲ ਬਣਨ ਤੋਂ ਬਚਾਏਗੀ ਇਹ ਫਸਲ ਮਲਸੀਆਂ ਤੋਂ ਬਾਅਦ ਕਾਲ਼ਾ ਸੰਘਿਆ ’ਚ ਜਲਦ ਕਰਾਂਗੇ ਇਹ ਹੋਰ ਸਫਲ ਤਜ਼ਰਬਾ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਕਪੂਰਥਲਾ ਹਲਕੇ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਪਿਛਲੇ ਸਮੇਂ ਦੌਰਾਨ ਕਿਸਾਨਾਂ ਨੂੰ ਮੱਕੀ ਦੀ ਫ਼ਸਲ ਬੀਜਣ ਲਈ ਉਤਸ਼ਾਹਿਤ ਕਰਕੇ ਖ਼ੁਦ ਮੱਕੀ ਖ਼ਰੀਦਣ ਦੀ ਗਰੰਟੀ ਦੇ ਕੇ ਚਰਚਾ ’ਚ ਰਹੇ ਤੇ ਮੱਕੀ ਦੀ ਫ਼ਸਲ ਖ਼ਰੀਦ ਕੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਸੁਨੇਹਾ ਦਿੱਤਾ ਕਿ ਜੇਕਰ ਇਕ ਕਾਰੋਬਾਰੀ ਕਿਸਾਨਾਂ ਲਈ ਇਸ ਤਰ੍ਹਾਂ ਦੇ ਯਤਨ ਕਰ ਸਕਦਾ ਹੈ ਤਾਂ ਸਰਕਾਰਾਂ ਨੂੰ ਵੀ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਸਾਨਾਂ ਮਜ਼ਦੂਰਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਸੇ ਤਰ੍ਹਾਂ ਹੁਣ ਫਿਰ ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਵਿਚ ਲਗਾਤਾਰ ਡਿੱਗ ਰਹੇ ਪਾਣੀ ਦੇ ਪੱਧਰ ’ਤੇ ਕਿਸਾਨਾਂ ਨੂੰ ਰਵਾਇਤੀ ਫ਼ਸਲ ਚੱਕਰ (ਕਣਕ-ਝੋਨੇ) ਚੋਂ ਬਾਹਰ ਕੱਢਣ ਲਈ ਯਤਨ ਕਰਦਿਆਂ ਵੱਡੀ ਪਹਿਲਕਦਮੀ ਕੀਤੀ ਗਈ ਹੈ। ਵਿਧਾਇਕ ਰਾਣਾ ਵੱਲੋਂ ‘ਨਵੀਂ ਸੋਚ ਨਵਾਂ ਪੰਜਾਬ’ ਮੁਹਿੰਮ ਤਹਿਤ ਪੰਜਾਬ ਨੂੰ ਪਾਣੀ ਦੇ ਸੰਕਟ ’ਚੋਂ ਕੱਢਣ ਲਈ ਸੂਬੇ ਚ ਨਵੀਂ ‘ਕਸਾਵਾ’ ਫ਼ਸਲ ਦੀ ਸ਼ੁਰੂਆਤ ਕਰਕੇ ਰਵਾਇਤੀ ਫ਼ਸਲਾਂ ਦੀ ਥਾਂ ਇਕ ਬਦਲਵੀਂ ਫ਼ਸਲ ਵਜੋਂ ਪੇਸ਼ ਕੀਤਾ ਗਿਆ। ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਖੇਤ ਚ ਇਸ ਨਵੀਂ ਫ਼ਸਲ ਦਾ ਤਜਰਬਾ ਕੀਤਾ ਜੋ ਬੇਹੱਦ ਸਫ਼ਲ ਰਿਹਾ ਤੇ ਹੁਣ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਕਸਬਾ ਕਾਲ਼ਾ ਸੰਘਿਆ ਦੇ ਕਿਸਾਨ ਸਰਪੰਚ ਮਨਿੰਦਰਪਾਲ ਸਿੰਘ ਮੰਨਾ ਤੇ ਹੋਰ ਅਗਾਂਹ ਵਧੂ ਕਿਸਾਨਾਂ ਵੱਲੋਂ ਵੀ ਕਸਾਵਾ ਫ਼ਸਲ ਬੀਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਸਾਵਾ ਦਾ 5 ਹਜ਼ਾਰ ਬੀਜ ਇਕ ਏਕੜ ਚ ਫਰਵਰੀ ਮਹੀਨੇ ਚ ਬੀਜਣਾ ਚਾਹੀਦਾ ਹੈ ਤੇ ਇਕ ਮਹੀਨਾ ਇਸ ਦੀ ਪੂਰੀ ਦੇਖ-ਰੇਖ ਕਰਨੀ ਚਾਹੀਦੀ ਹੈ ਤੇ ਇਕ ਏਕੜ ਚੋਂ 250 ਕਇੰਟਲ ਕਸਾਵਾ ਨਿਕਲੇਗਾ। ਫ਼ਸਲ ਦੇ ਬੀਜ ਵੀ ਉਨ੍ਹਾਂ ਵਲੋਂ ਹੀ ਦਿੱਤੇ ਜਾਣਗੇ ਤੇ ਕਿਸਾਨਾਂ ਨੂੰ ਮਾਹਿਰਾਂ ਨਾਲ਼ ਮੀਟਿੰਗ ਕਰਵਾ ਕੇ ਪੂਰੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ। ਇਹ ਫ਼ਸਲ ਸਾਲ ਦਾ ਢਾਈ ਲੱਖ ਰੁਪਇਆ ਛੱਡੇਗੀ। ਉਨ੍ਹਾਂ ਵੱਲੋਂ ਇਸ ਫ਼ਸਲ ਦੇ ਖੁਖ਼ਤਾ ਮਾਰਕੀਟਿੰਗ ਦੇ ਪ੍ਰਬੰਧ ਵੀ ਕੀਤੇ ਜਾਣਗੇ ਤੇ ਉਨ੍ਹਾਂ ਵੱਲੋਂ 15 ਰੁਪਏ ਕਿੱਲੋ ਦੇ ਹਿਸਾਬ ਨਾਲ ਫ਼ਸਲ ਕਿਸਾਨਾਂ ਤੋਂ ਖਰੀਦੀ ਵੀ ਜਾਵੇਗੀ ਤੇ ਮਸ਼ੀਨਰੀ ਮੁੱਹਈਆ ਕਰਵਾਉਣ ਚ ਵੀ ਪੂਰੀ ਸਹਾਇਤਾ ਕੀਤੀ ਜਾਵੇਗੀ। ਵਿਧਾਇਕ ਰਾਣਾ ਗੁਰਜੀਤ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਵਿਧਾਇਕ ਮੇਰੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ, ਡਾ. ਚੈਰੀਅਨ, ਡਾਇਰੈਕਟਰ ਆਈਸੀਏਆਰ, ਡਾ. ਹਰੀ ਰਾਮ ਪੀਏਯੂ, ਡਾ. ਗੁਲਜ਼ਾਰ ਸਿੰਘ ਸੰਘੇੜਾ, ਡਾਇਰੈਕਟਰ ਆਰਆਰਐੱਸ, ਕਪੂਰਥਲਾ ਤੋਂ ਡਾ. ਹਰਿੰਦਰ ਸਿੰਘ ਐਸੋਸੀਏਟ ਡਾਇਰੈਕਟਰ ਕੇਵੀਕੇ ਸਮੇਤ ਉਨ੍ਹਾਂ ਦੀ ਸਮੁੱਚੀ ਟੀਮ ਪੰਜਾਬ ਦੀ ਕਿਸਾਨੀ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਲਗਾਤਾਰ ਯਤਨਸ਼ੀਲ ਹਨ ਤੇ ਇਸ ਦੇ ਸਿੱਟੇ ਵੀ ਜਲਦ ਵਿਖਾਈ ਦੇਣਗੇ। ਉਨ੍ਹਾਂ ਕਿਹਾ ਕਿ ਇਹ ਫ਼ਸਲ ਪੰਜਾਬ ਨੂੰ ਮਾਰੂਥਲ ਬਣਨ ਤੋਂ ਬਚਾਉਣ ਦੇ ਨਾਲ਼ ਕਿਸਾਨਾਂ ਦੀ ਕਮਾਈ ’ਚ ਚੌਖਾ ਵਾਧਾ ਕਰੇਗੀ ਤੇ ਇਸ ਤਜ਼ਰਬੇ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ, ਬਰਨਾਲਾ ਤੇ ਹੋਰਨਾਂ ਜ਼ਿਲ੍ਹਿਆਂ ਦੇ ਰੇਤਲੀ ਜ਼ਮੀਨਾਂ ਵਾਲੇ ਇਲਾਕਿਆਂ ਚ ਕਸਾਵਾ ਦੀ ਫਸਲ ਦੀ ਬਿਜਾਈ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ।