ਦੁਕਾਨ ਦੇ ਤਾਲੇ ਤੋੜਨ ਵਾਲਿਆਂ ’ਤੇ ਮਾਮਲਾ ਦਰਜ
ਦੁਕਾਨ ਦੇ ਤਾਲੇ ਤੋੜਨ ਵਾਲੇ ਦੋ ਤੇ ਮਾਮਲਾ ਦਰਜ
Publish Date: Tue, 14 Apr 2026 08:32 PM (IST)
Updated Date: Tue, 14 Apr 2026 08:36 PM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਦੁਕਾਨ ਦੇ ਤਾਲੇ ਤੋੜਨ ਦੇ ਮਾਮਲੇ ’ਚ ਦੋ ਲੋਕਾਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਹਰਜੀਤ ਸਿੰਘ ਪਰਮਾਰ ਪੁੱਤਰ ਗੁਰਬਚਨ ਸਿੰਘ ਪਰਮਾਰ ਵਾਸੀ ਉੰਕਾਰ ਨਗਰ ਖੋਥੜਾ ਰੋਡ ਫਗਵਾੜਾ ਨੇ ਦੱਸਿਆ ਕਿ ਉਸ ਦਾ ਸਿਨੇਮਾ ਰੋਡ ਫਗਵਾੜਾ ਵਿਖੇ ਗੁਰਬਚਨ ਸਿੰਘ ਪਰਮਾਰ ਨਾਂ ਦਾ ਕੰਪਲੈਕਸ ਹੈ। ਇਸ ਕੰਪਲੈਕਸ ਵਿੱਚ ਦੁਕਾਨਾਂ ਹਨ ਤੇ ਕਾਫੀ ਸਮਾਂ ਪਹਿਲਾਂ ਉਸ ਨੇ ਇੱਕ ਦੁਕਾਨ ਜੋਗਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਗਰੀਨ ਮਾਡਲ ਟਾਊਨ ਫਗਵਾੜਾ ਨੂੰ ਕਿਰਾਏ ’ਤੇ ਦੇ ਦਿੱਤੀ ਸੀ। ਕੁਝ ਸਮਾਂ ਪਹਿਲਾਂ ਜੋਗਿੰਦਰ ਸਿੰਘ ਨੇ ਮੇਰੀ ਇਜਾਜ਼ਤ ਤੋਂ ਬਿਨਾਂ ਅਮਰਿੰਦਰ ਸਿੰਘ ਉਰਫ ਸਾਬੀ ਟੋਰੀ ਪੁੱਤਰ ਦਰਸ਼ਨ ਸਿੰਘ ਨੂੰ ਇਹ ਦੁਕਾਨ ਦੇ ਦਿੱਤੀ। ਬਾਅਦ ਵਿੱਚ ਪਤਾ ਲੱਗਾ ਕਿ ਅਮਰਿੰਦਰ ਸਿੰਘ ਉਰਫ ਸਾਬੀ ਟੋਰੀ ਕੁਝ ਸਮਾਂ ਪਹਿਲਾਂ ਕਿਸੇ ਕੇਸ ਵਿੱਚ ਜੇਲ੍ਹ ਵਿੱਚ ਚਲਾ ਗਿਆ ਹੈ ਤੇ ਹੁਣ ਵੀ ਜੇਲ੍ਹ ਵਿੱਚ ਹੈ। ਉਸ ਤੋਂ ਬਾਅਦ ਜੋਗਿੰਦਰ ਸਿੰਘ ਨੇ ਫਿਰ ਮੇਰੀ ਇਜਾਜ਼ਤ ਤੋਂ ਬਿਨਾਂ ਇਹ ਦੁਕਾਨ ਰਜਤ ਫੈਂਸੀ ਬੁਟੀਕ ਨੂੰ ਡੀਲ ਕਰਕੇ ਦੇ ਦਿੱਤੀ। ਪਤਾ ਲੱਗਾ ਕਿ ਉਸ ਪਾਸੋਂ ਕੁਝ ਕੈਸ਼ ਵੀ ਲਿਆ ਹੈ। ਇਸ ਸਬੰਧੀ ਜੋਗਿੰਦਰ ਸਿੰਘ ਨਾਲ ਗੱਲ ਕੀਤੀ ਤੇ ਉਹ ਇਹ ਕਹਿਣ ਲੱਗਾ ਕਿ ਮੇਰੇ ਕੋਲੋਂ ਗਲਤੀ ਹੋ ਗਈ ਹੈ ਤੇ ਉਸ ਦੁਕਾਨ ਦੀਆਂ ਚਾਬੀਆਂ ਮੈਨੂੰ ਦੇ ਦਿੱਤੀਆਂ ਅਤੇ ਉਸ ਨੇ ਦੂਜੇ ਤਾਲੇ ਲਗਾ ਦਿੱਤੇ। ਪਰ ਕੁਝ ਦਿਨ ਪਹਿਲਾਂ ਜੋਗਿੰਦਰ ਸਿੰਘ ਨੇ ਮੁੜ ਉਸ ਦੇ ਤਾਲੇ ਤੋੜ ਕੇ ਆਪਣੇ ਤਾਲੇ ਲਗਾ ਦਿੱਤੇ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਜੋਗਿੰਦਰ ਸਿੰਘ ਅਤੇ ਉਸ ਤੇ ਲੜਕੇ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।