15 ਲੱਖ ਦੇ ਸਫੈਦੇ ਵੇਚੇ, 4 ’ਤੇ ਮਾਮਲਾ ਦਰਜ
15 ਲੱਖ ਦੇ ਸਫੈਦੇ ਵੇਚਣ ਦੇ ਮਾਮਲੇ ਚ ਚਾਰ ਤੇ ਮਾਮਲਾ ਦਰਜ
Publish Date: Tue, 31 Mar 2026 06:49 PM (IST)
Updated Date: Tue, 31 Mar 2026 06:52 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ 15 ਲੱਖ ਰੁਪਏ ਦੇ ਸਫੈਦੇ ਵੇਚਣ ਦੇ ਮਾਮਲੇ ’ਚ ਚਾਰ ਵਿਅਕਤੀਆਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਦਰਸ਼ਨ ਕੌਰ ਉਰਫ ਦਰਸ਼ੋ ਪਤਨੀ ਬਲਵੀਰ ਸਿੰਘ ਵਾਸੀ ਝਿੰਗੜਾ ਬੰਗਾ ਐੱਸਬੀਐੱਸ ਨਗਰ ਨੇ ਦੱਸਿਆ ਕਿ ਉਸਦੀ ਪ੍ਰਾਪਰਟੀ ਪਿੰਡ ਬਰਨ ਕਿਸ਼ਨਪੁਰ ਤਹਿਸੀਲ ਫਗਵਾੜਾ ਵਿਚ ਮੌਜੂਦ ਹੈ। ਉਸ ਦੀ ਪ੍ਰਾਪਰਟੀ ਸਬੰਧੀ ਅਵਤਾਰ ਸਿੰਘ ਵਿਰੁੱਧ ਮਾਨਯੋਗ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ। ਉਕਤ ਕੇਸ ਵਿਚ ਮਾਨਯੋਗ ਅਦਾਲਤ ਵੱਲੋਂ ਉਸਦੇ ਹੱਕ ਵਿਚ ਸਟੇਅ ਦਾ ਆਰਡਰ ਵੀ ਜਾਰੀ ਕੀਤਾ ਹੋਇਆ ਹੈ। ਅਦਾਲਤ ਵੱਲੋਂ ਜਾਰੀ ਹੋਏ ਸਟੇਅ ਆਰਡਰ ਦੀ ਕਾਪੀ ਵੀ ਮੌਜੂਦ ਹੈ, ਜਿਸ ਦੇ ਬਾਵਜੂਦ ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ, ਬੂਟਾ ਸਿੰਘ, ਜਸਵਿੰਦਰ ਪਾਲ ਸਿੰਘ ਪੁੱਤਰ ਬੂਟਾ ਸਿੰਘ ਨੇ ਧੱਕੇ ਨਾਲ ਉਸਦੀ ਪ੍ਰਾਪਰਟੀ ਵਿਚ ਲੱਗੇ ਸਫੈਦੇ ਦੇ ਦਰਖਤ 15 ਲੱਖ ਰੁਪਏ ਵਿਚ ਵੇਚ ਦਿੱਤੇ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਚਾਰ ਵਿਅਕਤੀਆਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।