ਖੇੜਾ ਰੋਡ ’ਤੇ ਸਿਹਤ ਬੀਮਾ ਯੋਜਨਾ ਸਬੰਧੀ ਕੈਂਪ ਸ਼ੁਰੂ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਨਾਉਣ ਸਬੰਧੀ ਕੈਂਪ ਦੀ ਖੇੜਾ ਰੋਡ ਵਿਖੇ ਹੋਈ ਸ਼ੁਰੂਆਤ
Publish Date: Fri, 06 Mar 2026 07:49 PM (IST)
Updated Date: Fri, 06 Mar 2026 07:51 PM (IST)

ਕੈਪਸ਼ਨ-06ਪੀਐਚਜੀ14 ਖੇੜਾ ਰੋਡ ਵਿਖੇ ਲਗਾਏ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਬੰਧੀ ਕੈਂਪ ਦਾ ਦ੍ਰਿਸ਼। ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਨਾਉਣ ਸਬੰਧੀ ਕੈਂਪ ਦੀ ਸ਼ੁਰੂਆਤ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੇ ਯਤਨਾਂ ਸਦਕਾ ਸੀਨੀਅਰ ਸਿਟੀਜ਼ਨ ਕੇਅਰ ਸੈਂਟਰ ਖੇੜਾ ਰੋਡ ਫਗਵਾੜਾ ਵਿਖੇ ਕੀਤੀ ਗਈ, ਜਿਸਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਮਰਿੰਦਰ ਸਿੰਘ ਸੈਣੀ ਵੱਲੋਂ ਕੀਤਾ ਗਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਯੋਜਨਾ ਦਾ ਲਾਭ ਹਰੇਕ ਲੋੜਵੰਦ ਪੰਜਾਬੀ ਨਾਗਰਿਕ ਤੱਕ ਪਹੁੰਚਾਉਣ ਲਈ 219 ਸਰਕਾਰੀ ਤੇ ਕਰੀਬ 600 ਪ੍ਰਾਈਵੇਟ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਹੈ। ਯੋਜਨਾ ਤਹਿਤ ਦਿਲ ਦੀਆਂ ਬਿਮਾਰੀਆਂ, ਕੈਂਸਰ, ਗੁਰਦੇ, ਗੋਡੇ ਬਦਲਾਉਣ, ਚੂਲ੍ਹਾ ਬਦਲਣ ਦੀ ਸਰਜਰੀ ਆਦਿ ਦੀ ਫਰੀ ਮੈਡੀਕਲ ਸਹੂਲਤ ਪ੍ਰਾਪਤ ਕੀਤੀ ਜਾ ਸਕਦੀ ਹੈ। ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਕਾਰਡ ਧਾਰਕ ਪਰਿਵਾਰ ਦੇ ਹਰੇਕ ਮੈਂਬਰ ਨੂੰ ਸਲਾਨਾ 10 ਲੱਖ ਰੁਪਏ ਤੱਕ ਦੇ ਫਰੀ ਇਲਾਜ ਦੀ ਸੁਵਿਧਾ ਇਸ ਯੋਜਨਾ ਤਹਿਤ ਮਿਲ ਸਕੇਗੀ। ਉਨ੍ਹਾਂ ਨੇ ਵਾਰਡ ਨੰਬਰ 21 ਅਧੀਨ ਖੇੜਾ ਰੋਡ, ਪ੍ਰੇਮ ਨਗਰ, ਗੁਰੂ ਨਾਨਕਪੁਰਾ, ਮਾਸਟਰ ਸਾਧੂ ਰਾਮ ਨਗਰ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਇਕ ਹਫਤੇ ਲਈ ਲਗਾਏ ਗਏ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਇਸ ਮੌਕੇ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਵੰਦਨਾ ਸ਼ਰਮਾ, ਮੋਹਨ ਲਾਲ ਤਨੇਜਾ, ਵਿਸ਼ਵਾ ਮਿੱਤਰ ਸ਼ਰਮਾ ਤੇ ਮਨਮੋਹਨ ਸਿੰਘ ਵਾਲੀਆ ਸਾਬਕਾ ਪ੍ਰਧਾਨ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ, ਨਰਿੰਦਰ ਸਿੰਘ ਸੈਣੀ, ਮੀਰਾ ਆਸ਼ਾ ਵਰਕਰ, ਬਲਦੇਵ ਸ਼ਰਮਾ, ਐੱਸਸੀ ਚਾਵਲਾ, ਸਾਬਕਾ ਕੌਂਸਲਰ ਪਰਮਜੀਤ ਕੌਰ ਪਾਹਵਾ, ਹਰਬੇਲ ਸਿੰਘ ਪਾਹਵਾ, ਅਸ਼ਵਨੀ ਸ਼ਰਮਾ, ਸੁਧਾ ਬੇਦੀ ਆਦਿ ਹਾਜ਼ਰ ਸਨ।