ਬਸਪਾ ਅਕਾਲੀ ਤੇ ਕਾਂਗਰਸ ਹੋਏ ਇਕੱਠੇ

ਵਿਜੇ ਸੋਨੀ, ਪੰਜਾਬੀ ਜਾਗਰਣ
ਫਗਵਾੜਾ : ਪੰਜਾਬੀ ਜਾਗਰਣ ਅਖਬਾਰ ਵੱਲੋਂ ਇਕ ਮਹੀਨਾ ਪਹਿਲਾਂ ਹੀ ਸਟੀਕ ਜਾਣਕਾਰੀ ਪਾਠਕਾਂ ਤੱਕ ਪਹੁੰਚਾਈ ਗਈ ਸੀ ਕਿ ਹੋ ਸਕਦਾ ਹੈ ਕਾਂਗਰਸ, ਅਕਾਲੀ ਦਲ ਤੇ ਬਸਪਾ ਇਕੱਠੇ ਹੋ ਕੇ ਬਲਾਕ ਸੰਮਤੀ ਦਾ ਚੇਅਰਮੈਨ ਤੇ ਵਾਈਸ ਚੇਅਰਮੈਨ ਬਣਾ ਲੈਣ। ਉਸ ਖਬਰ ’ਤੇ ਮੋਹਰ ਲਗਾਉਂਦੇ ਹੋਏ ਬੀਡੀਪੀਓ ਦਫਤਰ ਵਿਖੇ ਚੁਣੇ ਗਏ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਨਿਯੁਕਤੀ ਵਿਚ ਬਸਪਾ, ਅਕਾਲੀ ਦਲ ਤੇ ਕਾਂਗਰਸ ਨੇ ਇਕੱਠੇ ਹੋ ਕੇ ਆਪਣੇ ਉਮੀਦਵਾਰਾਂ ਨੂੰ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ ਕਰ ਦਿੱਤਾ। ਜੇਕਰ ਗੱਲ ਕਰੀਏ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ (ਆਪ) ਦੀ ਤਾਂ ਉਸ ਨੂੰ ਬਲਾਕ ਸੰਮਤੀ ਦੀਆਂ 9 ਤੇ ਜ਼ਿਲ੍ਹਾ ਪਰਿਸ਼ਦ ਦੀ ਇਕ ਸੀਟ ਮਿਲੀ ਸੀ। ਦੂਜੇ ਪਾਸੇ ਕਾਂਗਰਸ ਨੂੰ 5, ਅਕਾਲੀ ਦਲ ਨੂੰ 4, ਬਸਪਾ ਨੂੰ 1 ਤੇ ਇਕ ਆਜ਼ਾਦ ਉਮੀਦਵਾਰ ਦੇ ਨਾਲ ਹੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਵੀ ਇਕ ਵੋਟ ਜੋੜੀ ਗਈ, ਜਿਸ ਨਾਲ ਕੁੱਲ ਗਿਣਤੀ 12 ਹੋ ਗਈ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸੁਰਿੰਦਰ ਪਾਲ ਨੂੰ ਚੇਅਰਮੈਨ ਤੇ ਨਿਸ਼ਾ ਰਾਣੀ ਖੇੜਾ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ। ਪੰਜਾਬੀ ਜਾਗਰਣ ਅਖਬਾਰ ਵੱਲੋਂ ਆਪਣੇ ਪਾਠਕਾਂ ਤੱਕ ਪਹੁੰਚਾਈ ਗਈ ਖਬਰ ’ਤੇ ਅੱਜ ਉਸ ਸਮੇਂ ਮੋਹਰ ਲੱਗ ਗਈ ਜਦੋਂ ਤਿੰਨੋਂ ਪਾਰਟੀਆਂ ਇਕੱਠੀਆਂ ਹੋ ਗਈਆਂ ਤੇ ਆਪਣਾ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ ਕਰ ਲਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮੈਂਬਰ ਨਿਰਾਸ਼ ਹੋਏ ਤੇ ਮੀਟਿੰਗ ਤੋਂ ਬਾਹਰ ਚਲੇ ਗਏ। ਇਸ ਤੋਂ ਬਾਅਦ ਗੇਟ ਕੋਲ ਖੜ੍ਹੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਗੇਟ ’ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਆਪਣੇ ਉਮੀਦਵਾਰਾਂ ਨੂੰ ਮੁੜ ਅੰਦਰ ਭੇਜਣ ਦੀ ਅਪੀਲ ਕੀਤੀ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਨੇ ਗੇਟ ਨੂੰ ਲੈ ਕੇ ਹੋ ਰਹੀ ਧੱਕੇਸ਼ਾਹੀ ਨੂੰ ਕਾਫੀ ਦੇਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਗੇਟ ਖੁਲ੍ਹਵਾਕੇ ਆਪਣੇ ਉਮੀਦਵਾਰਾਂ ਨੂੰ ਮੁੜ ਅੰਦਰ ਭੇਜਿਆ।
ਜੇਕਰ ਪਿਛਲੇ ਸਮੇਂ ਵਿਚ ਨਗਰ ਨਿਗਮ ਫਗਵਾੜਾ ਦੀਆਂ ਚੋਣਾਂ ਵੱਲ ਝਾਤ ਮਾਰੀਏ ਤਾਂ ਆਮ ਆਦਮੀ ਪਾਰਟੀ ਕੋਲ ਸਿਰਫ 12 ਜੇਤੂ ਕੌਂਸਲਰ ਸਨ। ਉਸਦੇ ਬਾਵਜੂਦ ਵੀ ਉਸਨੇ ਬਾਕੀ ਪਾਰਟੀਆਂ ਨਾਲ ਰਲੇਵਾਂ ਕਰਕੇ ਨਗਰ ਨਿਗਮ ਫਗਵਾੜਾ ਅੰਦਰ ਆਪਣਾ ਮੇਅਰ ਬਣਾ ਲਿਆ ਸੀ। ਉਸ ਸਮੇਂ 12 ਤੋਂ 25 ਦਾ ਅੰਕੜਾ ਬੜੀ ਆਸਾਨੀ ਨਾਲ ਆਮ ਆਦਮੀ ਪਾਰਟੀ ਨੇ ਪਾਰ ਕਰ ਲਿਆ ਸੀ, ਜਿਸ ਵਿਚ ਅਕਾਲੀ ਦਲ, ਬਸਪਾ ਤੇ ਆਜ਼ਾਦ ਉਮੀਦਵਾਰਾਂ ਦਾ ਵੀ ਸਾਥ ਰਿਹਾ ਤੇ ਭਾਜਪਾ ਨੇ ਵੀ ਆਪ ਨੂੰ ਸਮਰਥਨ ਦਿੱਤਾ ਪਰ ਇਸ ਵਾਰ ਸਾਰੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦਾ ਸਾਥ ਦਿੱਤਾ, ਜਿਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਬਸਪਾ ਨੇ ਇਕੱਠੇ ਹੋ ਕੇ ਆਪਣਾ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ ਕਰ ਲਿਆ।
ਉਪਰੰਤ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਮੈਂਬਰਾਂ ਨੇ ਐੱਸਡੀਐੱਮ ਦਫਤਰ ਅੱਗੇ ਬੈਠ ਕੇ ਰੋਸ਼ ਪ੍ਰਦਰਸ਼ਨ ਕੀਤਾ ਤੇ ਕਾਂਗਰਸ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਤੇ ਉਨ੍ਹਾਂ ਵੱਲੋਂ ਇਕ ਮੰਗ ਪੱਤਰ ਵੀ ਐੱਸਡੀਐੱਮ ਫਗਵਾੜਾ ਨੂੰ ਦਿੱਤਾ ਗਿਆ ਕਿ ਇਨ੍ਹਾਂ ਚੋਣਾਂ ਨੂੰ ਜਾਂ ਤਾਂ ਰੱਦ ਕੀਤਾ ਜਾਵੇ ਜਾਂ ਮੁੜ ਤੋਂ ਕਰਵਾਇਆ ਜਾਵੇ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ, ਦਿਹਾਤੀ ਇੰਚਾਰਜ ਜਥੇ. ਰਜਿੰਦਰ ਸਿੰਘ ਚੰਦੀ, ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਲਵਲੀ ਵਾਲੀਆ, ਰਣਜੀਤ ਸਿੰਘ ਜੀਤੀ ਖੇੜਾ, ਗੁਰਦੀਪ ਸਿੰਘ ਖੇੜਾ, ਅਵਤਾਰ ਸਿੰਘ ਮੰਗੀ, ਸਤਵਿੰਦਰ ਸਿੰਘ ਘੁੰਮਣ, ਨਰੇਸ਼ ਭਾਰਦਵਾਜ, ਵਿਨੋਦ ਬਰਮਾਨੀ, ਕਮਲ ਧਾਲੀਵਾਲ ਸਮੇਤ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਸਨ, ਜਿਨਾਂ ਨੇ ਜੇਤੂ ਸੁਰਿੰਦਰ ਪਾਲ ਤੇ ਨਿਸ਼ਾ ਰਾਣੀ ਨੂੰ ਸਿਰੋਪਾਓ ਪਾ ਕੇ ਵਧਾਈ ਦਿੱਤੀ।
ਬਾਕਸ
ਆਪ ਨੂੰ ਰੜਕੀ ਦਲਜੀਤ ਰਾਜੂ ਦੀ ਕਮੀ
ਜਿਥੇ ਦਲਜੀਤ ਰਾਜੂ ਦਰਵੇਸ਼ ਪਿੰਡ ਵੱਲੋਂ ਜੇਤੂ ਉਮੀਦਵਾਰਾਂ ਨੂੰ ਸਨਮਾਨ ਪੱਤਰ ਭੇਟ ਕਰਦਿਆਂ ਕਿਹਾ ਗਿਆ ਸੀ ਕਿ ਜੇ ਅਸੀਂ 12 ਤੋਂ 25 ਕਰ ਸਕਦੇ ਹਾਂ ਤਾਂ 9 ਤੋਂ 11 ਕਰਨੇ ਕਿਹੜਾ ਔਖੇ ਹਨ ਪਰ ਆਪਸੀ ਫੁੱਟਬਾਜ਼ੀ ਕਾਰਨ ਦਲਜੀਤ ਰਾਜੂ ਇਨ੍ਹਾਂ ਚੋਣਾਂ ਵਿਚ ਜੋਰ ਅਜ਼ਮਾਇਸ਼ ਕਰਦੇ ਦਿਖਾਈ ਨਹੀਂ ਦਿੱਤੇ, ਜਿਸ ਦਾ ਖਮਿਆਜ਼ਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਭੁਗਤਣਾ ਪਿਆ ਹੈ। ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਉਮੀਦਵਾਰਾਂ ਵਿਚ ਤਾਲਮੇਲ ਦੀ ਜ਼ਰੂਰ ਕਮੀ ਰਹੀ, ਜਿਸ ਕਾਰਨ ਵੀ ਸੱਤਾਧਾਰੀ ਪਾਰਟੀ ਆਪਣਾ ਚੇਅਰਮੈਨ ਤੇ ਵਾਈਸ ਚੇਅਰਮੈਨ ਨਹੀਂ ਬਣਾ ਸਕੀ।