ਵਿਸ਼ਵ ਰੈੱਡ ਕਰਾਸ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ
ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਲਗਾਇਆ ਵਿਸ਼ਵ ਰੈਡ ਕਰਾਸ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ
Publish Date: Mon, 11 May 2026 09:36 PM (IST)
Updated Date: Mon, 11 May 2026 09:39 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਵਿਸ਼ਵ ਰੈਡ ਕਰਾਸ ਦਿਵਸ ਬਲੱਡ ਬੈਂਕ ਦੇ ਚੇਅਰਮੈਨ ਕੇਕੇ ਸਰਦਾਨਾ ਦੀ ਸਰਪ੍ਰਸਤੀ ਤੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਖੂਨ ਦਾਨ ਕੈਂਪ ਲਗਾ ਕੇ ਮਨਾਇਆ ਗਿਆ, ਜਿਸਦਾ ਉਦਘਾਟਨ ਕਮਲਾ ਨਹਿਰੂ ਪਬਲਿਕ ਸਕੂਲ ਚੱਕ ਹਕੀਮ ਦੇ ਪ੍ਰਿੰਸੀਪਲ ਮੈਡਮ ਪੀਕੇ ਢਿੱਲੋਂ ਨੇ ਕੀਤਾ। ਉਨ੍ਹਾਂ ਨੇ ਬਲੱਡ ਬੈਂਕ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਬਲੱਡ ਬੈਂਕ ਦੇ ਸਮਾਜ ਸੇਵੀ ਕਾਰਜ ਰੈੱਡ ਕਰਾਸ ਦੀ ਭਾਵਨਾ ‘ਤੇ ਪੂਰੇ ਉਤਰਦੇ ਹਨ, ਜੋ ਕਿ ਹੋਰਨਾਂ ਨੂੰ ਵੀ ਪ੍ਰੇਰਣਾ ਦੇਣ ਵਾਲੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨ ਦਾਨ ਕਰਨ ਦਾ ਸੰਦੇਸ਼ ਦਿੱਤਾ ਤੇ ਕਿਹਾ ਕਿ ਦਾਨ ਕੀਤੇ ਗਏ ਖੂਨ ਦੇ ਨਾਲ ਬਹੁਤ ਸਾਰੀਆਂ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਈ ਘਨੱਈਆ ਜੀ ਦੁਆਰਾ ਸ਼੍ਰੀ ਆਨੰਦਪੁਰ ਸਾਹਿਬ ਦੀ ਜੰਗ ਦੌਰਾਨ ਦੁਸ਼ਮਨ ਫੌਜ ਦੇ ਜ਼ਖ਼ਮੀਆਂ ਨੂੰ ਵੀ ਪਾਣੀ ਪਿਲਾ ਕੇ ਸਭ ਤੋਂ ਪਹਿਲਾਂ ਰੈੱਡ ਕਰਾਸ ਦੀ ਪਰੰਪਰਾ ਦਾ ਸੁਨੇਹਾ ਦਿੱਤਾ ਗਿਆ, ਜੋ ਕਿ ਸਾਡੇ ਭਾਰਤ ਤੇ ਸਿੱਖ ਕੌਮ ਲਈ ਬਹੁਤ ਮਾਣ ਦੀ ਗੱਲ ਹੈ। ਇਸ ਮੌਕੇ ਹਰਬੰਸ ਲਾਲ, ਮੋਹਨ ਲਾਲ ਤਨੇਜਾ, ਤਾਰਾ ਚੰਦ ਚੁੰਬਰ, ਸੁਧਾ ਬੇਦੀ ਤੋਂ ਇਲਾਵਾ ਬਲੱਡ ਬੈਂਕ ਦਾ ਸਟਾਫ ਤੇ ਹੋਰ ਪਤਵੰਤੇ ਹਾਜ਼ਰ ਸਨ।