ਨਗਰ ਕੌਂਸਲ ਚੋਣਾਂ ਭਾਜਪਾ ਭਾਰੀ ਬਹੁਮਤ ਨਾਲ ਜਿੱਤੇਗੀ : ਖੋਜੇਵਾਲ
ਨਗਰ ਕੌਂਸਲ ਚੋਣਾਂ ਭਾਜਪਾ ਭਾਰੀ ਬਹੁਮਤ ਨਾਲ ਜਿੱਤੇਗੀ : ਖੋਜੇਵਾਲ
Publish Date: Mon, 11 May 2026 09:30 PM (IST)
Updated Date: Mon, 11 May 2026 09:33 PM (IST)

ਵਿਰਾਸਤੀ ਸ਼ਹਿਰ ’ਚ ਫੈਲੀ ਗੰਦਗੀ ਨੂੰ ਲੈ ਕੇ ਭਾਜਪਾ ਨੇ ਘੇਰੀ ਪੰਜਾਬ ਸਰਕਾਰ, ਲਾਪ੍ਰਵਾਹੀ ਦੇ ਲਾਏ ਦੋਸ਼ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਭਾਜਪਾ ਵੱਲੋਂ ਅੱਜ ਇਥੇ ਭਾਜਪਾ ਐੱਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਦੇ ਯਤਨਾਂ ਸਦਕਾ ਭਾਜਪਾ ਦੇ ਵਾਰਡ ਨੰਬਰ 43 ਵਿਖੇ ਨਗਰ ਨਿਗਮ ਚੋਣਾਂ ਲਈ ਭਾਜਪਾ ਦੇ ਸੰਭਾਵੀ ਉਮੀਦਵਾਰ ਗੋਲਡੀ ਨਾਹਰ ਵੱਲੋਂ ਇਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜੋ ਕਿ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਪਾਰਟੀ ਦੇ ਸੀਨੀਅਰ ਆਗੂਆਂ, ਵਰਕਰਾਂ ਤੇ ਵਾਰਡ ਨਾਲ ਸਬੰਧਤ ਲੋਕਾਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰੀ। ਇਸ ਮੌਕੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਪਾਰਟੀ ਦੀ ਰਣਨੀਤੀ, ਉਮੀਦਵਾਰਾਂ ਦੀ ਚੋਣ ਤੇ ਮੈਦਾਨੀ ਪੱਧਰ ’ਤੇ ਮਜ਼ਬੂਤੀ ਬਣਾਉਣ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਕਿਹਾ ਕਿ ਭਾਜਪਾ ਪਾਰਟੀ ਨਗਰ ਨਿਗਮ ਚੋਣਾਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਤੇ ਹਰ ਵਾਰਡ ’ਚ ਮਜ਼ਬੂਤ ਤੇ ਲੋਕਪ੍ਰਿਯ ਉਮੀਦਵਾਰ ਖੜ੍ਹੇ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕਾਂ ਲਈ ਹਰ ਸਮੇਂ ਹਾਜ਼ਰ ਉਮੀਦਵਾਰਾਂ ਦੀ ਚੋਣ ਲਈ ਵਿਸ਼ੇਸ਼ ਮਾਪਦੰਡ ਤੈਅ ਕੀਤੇ ਜਾਣਗੇ, ਤਾਂ ਜੋ ਕੇਵਲ ਉਹੀ ਉਮੀਦਵਾਰ ਚੁਣੇ ਜਾਣ ਜੋ ਲੋਕਾਂ ’ਚ ਪਕੜ ਰੱਖਦੇ ਹੋਣ ਤੇ ਜਿੱਤ ਨੂੰ ਯਕੀਨੀ ਬਣਾ ਸਕਣ। ਉਨ੍ਹਾਂ ਨੇ ਕਿਹਾ ਕਿ ਪਾਰਟੀ ਵੱਲੋਂ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਹਰ ਇਕ ਅਰਜ਼ੀ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਉਮੀਦਵਾਰ ਦੀ ਚੋਣ ਕਰਦਿਆਂ ਉਸਦੀ ਲੋਕਪ੍ਰਿਯਤਾ ਪਿਛਲੇ ਸਮੇਂ ਦੀ ਕਾਰਗੁਜ਼ਾਰੀ, ਪਾਰਟੀ ਪ੍ਰਤੀ ਵਫਾਦਾਰੀ ਤੇ ਸਮਾਜ ਸੇਵਾ ਨੂੰ ਮੁੱਖ ਰੱਖਿਆ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਿਫਾਰਸ਼ ਜਾਂ ਦਬਾਅ ਨੂੰ ਤਰਜੀਹ ਨਹੀਂ ਦਿੱਤੀ ਜਾਵੇਗੀ, ਸਗੋਂ ਯੋਗਤਾ ਦੇ ਆਧਾਰ ’ਤੇ ਟਿਕਟਾਂ ਦਿੱਤੀਆਂ ਜਾਣਗੀਆਂ। ਖੋਜੇਵਾਲ ਨੇ ਦਾਅਵਾ ਕਰਦਿਆਂ ਕਿਹਾ ਕਿ ਭਾਜਪਾ ਪਾਰਟੀ ਇਸ ਵਾਰ ਨਗਰ ਨਿਗਮ ਚੋਣਾਂ ’ਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਲੋਕਾਂ ’ਚ ਭਾਜਪਾ ਪ੍ਰਤੀ ਭਰੋਸਾ ਵਧ ਰਿਹਾ ਹੈ ਤੇ ਹੋਰ ਰਾਜਨੀਤਿਕ ਪਾਰਟੀਆਂ ਪ੍ਰਤੀ ਨਾਰਾਜ਼ਗੀ ਸਾਫ ਦਿਖਾਈ ਦੇ ਰਹੀ। ਇਸ ਮੀਟਿੰਗ ਵਿੱਚ ਲੋਕਾਂ ਨੇ ਵਿਰਾਸਤੀ ਸ਼ਹਿਰ ਵਿਖੇ ਥਾਂ-ਥਾਂ ਪਏ ਕੂੜੇ ਦੇ ਢੇਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਪ੍ਰਤੀ ਆਪਣਾ ਰੋਸ ਜ਼ਾਹਿਰ ਕੀਤਾ। ਭਾਜਪਾ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਆਪ ਸਰਕਾਰ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਪ ਸਰਕਾਰ ਦੇ ਸਾਫ਼-ਸੁਥਰੇ ਪੰਜਾਬ ਦੇ ਦਾਅਵੇ ਕਾਗਜ਼ਾਂ ਤੱਕ ਹੀ ਸੀਮਿਤ ਹਨ, ਜਦੋਂ ਕਿ ਜ਼ਮੀਨੀ ਤੌਰ ’ਤੇ ਸ਼ਹਿਰ ਦੀ ਸਥਿਤੀ ਕਾਫ਼ੀ ਵਿਗੜ ਗਈ ਹੈ। ਖੋਜੇਵਾਲ ਨੇ ਕਿਹਾ ਕਿ ਕਪੂਰਥਲਾ ’ਚ ਪਏ ਕੂੜੇ ਦੇ ਢੇਰਾਂ ਪ੍ਰਤੀ ਜ਼ਿਲ੍ਹਾ ਪ੍ਰਸ਼ਾਸਨ ਦੀ ਪੂਰੀ ਤਰ੍ਹਾਂ ਅਸਫਲਤਾ ਤੇ ਸਰਕਾਰ ਦੀ ਲੋਕਾਂ ਪ੍ਰਤੀ ਚਿੰਤਾ ਦੀ ਘਾਟ ਨੂੰ ਸਾਬਤ ਕਰਦੇ ਹਨ। ਭਾਜਪਾ ਆਗੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੂੜੇ ਦੇ ਢੇਰਾਂ ਨੂੰ ਤੁਰੰਤ ਨਾ ਹਟਾਇਆ ਗਿਆ ਤੇ ਸਫ਼ਾਈ ਪ੍ਰਣਾਲੀ ’ਚ ਸੁਧਾਰ ਨਾ ਕੀਤਾ ਗਿਆ ਤਾਂ ਭਾਜਪਾ ਵਿਸ਼ਾਲ ਵਿਰੋਧ ਪ੍ਰਦਰਸ਼ਨ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ ਕਰੇਗੀ। ਇਸ ਮੌਕੇ ਸੰਨੀ ਬੈਂਸ, ਵਿੱਕੀ ਗੁਜਰਾਲ, ਅਸ਼ੋਕ ਮਾਹਲਾ, ਰੋਸ਼ਨ ਲਾਲ ਸੱਭਰਵਾਲ, ਕਮਲ ਪ੍ਰਭਾਕਰ, ਲੱਕੀ ਸਰਪੰਚ, ਗੋਲਡੀ ਨਾਹਰ, ਮੱਸਾ ਸਿੰਘ, ਰਾਜਨ ਠੀਗੀ, ਸੁਨੀਲ ਅਰੋੜਾ, ਸਾਹਿਬ ਸਿੰਘ, ਰਵਿੰਦਰ ਸ਼ਰਮਾ, ਸੁਨੀਲ ਸ਼ਰਮਾ, ਬਲਜਿੰਦਰ ਸਵਾਰ ਆਦਿ ਹਾਜ਼ਰ ਸਨ।