ਭਾਜਪਾ ਕਪੂਰਥਲਾ ਦੇ ਸਾਰੇ 50 ਵਾਰਡਾਂ ’ਚ ਚੋਣਾਂ ਲੜੇਗੀ : ਸੁਸ਼ੀਲ ਰਿੰਕੂ
ਭਾਜਪਾ ਕਪੂਰਥਲਾ ਦੇ ਸਾਰੇ 50 ਵਾਰਡਾਂ ਵਿੱਚ ਨਗਰ ਨਿਗਮ ਚੋਣਾਂ ਲੜੇਗੀ : ਸੁਸ਼ੀਲ ਰਿੰਕੂ
Publish Date: Thu, 14 May 2026 09:40 PM (IST)
Updated Date: Thu, 14 May 2026 09:42 PM (IST)

ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਰਕਰ ਘਰ-ਘਰ ਪਹੁੰਚਣ : ਖੋਜੇਵਾਲ ਭਾਜਪਾ ਨਗਰ ਨਿਗਮ ਚੋਣਾਂ ਲਈ ਤਿਆਰ, ਮਹੱਤਵਪੂਰਨ ਮੀਟਿੰਗ ’ਚ ਬਣਾਈ ਗਈ ਰਣਨੀਤੀ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਜਨਤਾ ਪਾਰਟੀ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਕਪੂਰਥਲਾ ਨਗਰ ਨਿਗਮ ਦੀਆਂ ਆ ਰਹੀਆਂ ਚੋਣਾਂ ਸਬੰਧੀ ਇਕ ਮਹੱਤਵਪੂਰਨ ਮੀਟਿੰਗ ਹੋਈ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ, ਸਾਬਕਾ ਸੰਸਦ ਮੈਂਬਰ ਤੇ ਨਗਰ ਨਿਗਮ ਚੋਣਾਂ ਦੇ ਇੰਚਾਰਜ ਸੁਸ਼ੀਲ ਰਿੰਕੂ ਨੇ ਵਿਸ਼ੇਸ਼ ਤੌਰ |ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜ਼ਿਲ੍ਹਾ ਉਪ ਪ੍ਰਧਾਨ ਸੰਦੀਪ ਕੁਮਾਰ ਨੀਟੂ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਨੇਹਾ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸੰਦੀਪ ਕੁਮਾਰ ਨੀਟੂ ਤੇ ਉਨ੍ਹਾਂ ਦੀ ਪਤਨੀ ਨੇਹਾ ਨੂੰ ਪਾਰਟੀ ਦਾ ਪਟਕਾ ਪਾ ਕੇ ਪਾਰਟੀ ਵਿਚ ਸ਼ਾਮਲ ਕੀਤਾ। ਮੀਟਿੰਗ ਵਿਚ ਨਗਰ ਨਿਗਮ ਚੋਣਾਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ ਤੇ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਰਣਨੀਤੀਆਂ ਤਿਆਰ ਕੀਤੀਆਂ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਪ ਸਰਕਾਰ ਹਰ ਫਰੰਟ ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਤੇ ਲੋਕ ਹੁਣ ਭਾਜਪਾ ਦੀਆਂ ਲੋਕ-ਪੱਖੀ ਨੀਤੀਆਂ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਕਪੂਰਥਲਾ ਸ਼ਹਿਰ ਦੇ ਵਿਕਾਸ ਲਈ ਪੂਰੀ ਲਗਨ ਨਾਲ ਕੰਮ ਕਰੇਗੀ ਤੇ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ। ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਤੇ ਭਾਜਪਾ ਦੀਆਂ ਨੀਤੀਆਂ ਬਾਰੇ ਘਰ-ਘਰ ਜਾ ਕੇ ਪ੍ਰਚਾਰ ਕਰਨ। ਮੀਟਿੰਗ ਵਿਚ ਚੋਣ ਪ੍ਰਚਾਰ ਤੇਜ਼ ਕਰਨ, ਬੂਥ ਪੱਧਰ ਦੀਆਂ ਟੀਮਾਂ ਬਣਾਉਣ ਤੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪਣ ’ਤੇ ਵੀ ਚਰਚਾ ਕੀਤੀ ਗਈ। ਆਗੂਆਂ ਨੇ ਸਾਰੇ ਵਰਕਰਾਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਪੂਰਥਲਾ ਵਿਚ ਪਾਰਟੀ ਵਰਕਰਾਂ ਅਤੇ ਆਗੂਆਂ ਵਿਚ ਬਹੁਤ ਉਤਸ਼ਾਹ ਹੈ ਤੇ ਪਾਰਟੀ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਸਾਰੇ 50 ਵਾਰਡਾਂ ਵਿਚ ਪੂਰੀ ਏਕਤਾ ਤੇ ਉਤਸ਼ਾਹ ਨਾਲ ਲੜੇਗੀ। ਕਪੂਰਥਲਾ ਦੇ ਹਰ ਵਾਰਡ ਵਿਚ ਭਾਜਪਾ ਵਰਕਰ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਨ ਤੇ ਹਰ ਵਾਰਡ ਵਿਚ ਲੋਕਾਂ ਤੱਕ ਭਾਜਪਾ ਦੀਆਂ ਨੀਤੀਆਂ ਪਹੁੰਚਾਉਣ। ਇਸ ਮੌਕੇ ਐਡਵੋਕੇਟ ਚੰਦਰਸ਼ੇਖਰ, ਪਰਸ਼ੋਤਮ ਪਾਸੀ, ਕਪੂਰਚੰਦ ਥਾਪਰ, ਯਸ਼ ਮਹਾਜਨ, ਸ਼ਾਮ ਸੁੰਦਰ ਅਗਰਵਾਲ, ਚੇਤਨ ਸੂਰੀ, ਕਮਲ ਪ੍ਰਭਾਕਰ, ਸੰਨੀ ਬੈਂਸ, ਜਗਦੀਸ਼ ਸ਼ਰਮਾ, ਨਿਰਮਲ ਨਾਹਰ ਆਦਿ ਮੌਜੂਦ ਸਨ।