ਕੁਲਦੀਪ ਸਿੰਘ ਦਾ ਖੇਡਾਂ ਤੇ ਸਮਾਜ ਸੇਵਾ ’ਚ ਰਿਹਾ ਚੰਗਾ ਯੋਗਦਾਨ
ਭੋਗ ਤੇ ਵਿਸ਼ੇਸ਼ : ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵ. ਕੁਲਦੀਪ ਸਿੰਘ ਨੂੰ ਯਾਦ ਕਰਦੇ ਹੋਏ
Publish Date: Sat, 11 Apr 2026 10:25 PM (IST)
Updated Date: Sat, 11 Apr 2026 10:27 PM (IST)

ਭੋਗ ’ਤੇ ਵਿਸ਼ੇਸ਼ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਸਾਬਕਾ ਸਰਪੰਚ ਸਵ. ਕੁਲਦੀਪ ਸਿੰਘ ਦਾ ਜੀਵਨ ਖੇਡਾਂ, ਸਮਾਜ ਸੇਵਾ ਅਤੇ ਨੇਤ੍ਰਿਤਵ ਦਾ ਪ੍ਰਤੀਕ ਰਿਹਾ। ਉਹ ਸਵ. ਮਾਤਾ ਚੰਨਣ ਕੌਰ ਦੀ ਕੁੱਖੋਂ ਅਤੇ ਸਵ. ਪਿਤਾ ਬੰਤਾ ਸਿੰਘ ਦੇ ਘਰ ਪਿੰਡ ਡਡਵਿੰਡੀ ਵਿੱਚ ਜਨਮੇ। ਉਨ੍ਹਾਂ ਨੇ ਆਪਣੀ ਪੜ੍ਹਾਈ ਸਰਕਾਰੀ ਸਕੂਲ ਡਡਵਿੰਡੀ ਤੋਂ ਦਸਵੀਂ ਤੱਕ ਕੀਤੀ। ਇਸ ਤੋਂ ਬਾਅਦ ਸਾਲ 1980 ਵਿੱਚ ਰਣਧੀਰ ਕਾਲਜ ਕਪੂਰਥਲਾ ਅਤੇ 1985 ਵਿੱਚ ਡੀਏਵੀ ਕਾਲਜ ਜਲੰਧਰ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ। ਕਾਲਜ ਸਮੇਂ ਦੌਰਾਨ ਉਹ ਇੱਕ ਵਧੀਆ ਫੁੱਟਬਾਲ ਖਿਡਾਰੀ ਵੀ ਰਹੇ। ਕੁਲਦੀਪ ਸਿੰਘ ਨੇ 1982 ਵਿੱਚ ਪਿੰਡ ਪੱਧਰ ਤੇ ਕਬੱਡੀ ਖੇਡਣ ਦੀ ਸ਼ੁਰੂਆਤ ਕੀਤੀ ਅਤੇ 1983 ਤੋਂ 1985 ਤੱਕ ਜ਼ਿਲ੍ਹਾ ਅਤੇ ਰਾਜ ਪੱਧਰ ਤੇ ਆਪਣੀ ਪਛਾਣ ਬਣਾਈ। 1985 ਤੋਂ ਬਾਅਦ ਉਹ ਅੰਤਰਰਾਸ਼ਟਰੀ ਪੱਧਰ ਤੇ ਕਬੱਡੀ ਖੇਡਣ ਲੱਗੇ ਅਤੇ ਸ਼ੋਅ ਮੈਚਾਂ ਵਿੱਚ ਆਪਣਾ ਵੱਖਰਾ ਦਰਜਾ ਬਣਾਇਆ। ਸਾਲ 1987 ਵਿੱਚ ਸਿੰਗਾਪੁਰ ਵਿਖੇ ਪੰਜਾਬ ਸਟਾਈਲ ਕਬੱਡੀ ਵਿੱਚ ਭਾਰਤੀ ਟੀਮ ਦੇ ਮੈਂਬਰ ਵਜੋਂ ਸ਼ਾਮਲ ਹੋ ਕੇ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਵੀ ਉਹ ਗੋਲਡ ਮੈਡਲਿਸਟ ਰਹੇ ਅਤੇ ਕਈ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਖੇਡ ਕੇ ਆਪਣੀ ਖਾਸ ਪਛਾਣ ਬਣਾਈ। ਸਮਾਜ ਸੇਵਾ ਵਿੱਚ ਵੀ ਉਨ੍ਹਾਂ ਦਾ ਯੋਗਦਾਨ ਕਾਬਿਲ-ਏ-ਤਾਰੀਫ਼ ਰਿਹਾ। ਉਹ ਪਿੰਡ ਡਡਵਿੰਡੀ ਵਿੱਚ ਪਹਿਲਾਂ ਪੰਚਾਇਤ ਮੈਂਬਰ ਅਤੇ ਫਿਰ ਸਾਲ 2020 ਤੋਂ 2025 ਤੱਕ ਸਰਪੰਚ ਵਜੋਂ ਸੇਵਾ ਨਿਭਾਉਂਦੇ ਰਹੇ। ਇਸ ਤੋਂ ਇਲਾਵਾ ਉਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਅਤੇ ਵੈੱਲਫੇਅਰ ਕਲੱਬ ਸੁਲਤਾਨਪੁਰ ਲੋਧੀ ਅਤੇ ਰਾਇਲ ਸਪੋਰਟਸ ਅਤੇ ਵੈੱਲਫੇਅਰ ਕਲੱਬ ਡਡਵਿੰਡੀ ਦੇ ਵਾਈਸ ਪ੍ਰੈਜ਼ੀਡੈਂਟ ਰਹੇ। ਰਾਜਨੀਤਿਕ ਖੇਤਰ ਵਿੱਚ ਵੀ ਉਹ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਹੇ। ਖੇਡ ਪ੍ਰਸ਼ਾਸਨ ਵਿੱਚ ਉਨ੍ਹਾਂ ਦੀ ਭੂਮਿਕਾ ਵੀ ਮਹੱਤਵਪੂਰਨ ਰਹੀ। ਉਹ ਪੈਪਸੂ ਕਬੱਡੀ ਫੈੱਡਰੇਸ਼ਨ ਪੰਜਾਬ (ਕਪੂਰਥਲਾ) ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਲ 1992 ਤੋਂ 1997 ਤੱਕ ਜ਼ਿਲ੍ਹਾ ਸ਼ਿਕਾਇਤ ਕਮੇਟੀ ਕਪੂਰਥਲਾ ਦੇ ਮੈਂਬਰ ਰਹੇ। ਸਵ. ਕੁਲਦੀਪ ਸਿੰਘ ਦੀ ਸਾਧਾਰਨ ਜੀਵਨਸ਼ੈਲੀ, ਖੇਡਾਂ ਪ੍ਰਤੀ ਸਮਰਪਣ ਅਤੇ ਸਮਾਜ ਸੇਵਾ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੀ ਯਾਦ ਵਿੱਚ ਹੋਣ ਵਾਲੇ ਭੋਗ ਸਮਾਗਮ 12 ਅਪ੍ਰੈਲ ਐਤਵਾਰ ਨੂੰ 12 ਤੋਂ 1 ਵਜੇ ਤੱਕ ਪਿੰਡ ਡਡਵਿੰਡੀ ਦੇ ਸ੍ਰੀ ਗੁਰਦੁਆਰਾ ਸਾਹਿਬ ਜੀ ਵਿਖੇ ਪਾਏ ਜਾਣਗੇ। ਇਸ ਮੌਕੇ ਇਲਾਕੇ ਵਾਸੀਆਂ, ਰਾਜਨੀਤਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।