ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਭੱਕੂਵਾਲ ਵਿੱਚ ਨਵੀਂ ਇਕਾਈ ਦਾ ਗਠਨ

ਫਸਲਾਂ ਦੇ ਵਾਜਬ ਭਾਅ, ਕਿਸਾਨ ਪੈਨਸ਼ਨ ਤੇ ਵਾਤਾਵਰਣ ਸੁਰੱਖਿਆ ਲਈ ਸਰਕਾਰ ਕੋਲ ਉਠਾਈਆਂ ਮੰਗਾਂ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਭੱਕੂਵਾਲ ’ਚ ਨਵੀਂ ਇਕਾਈ ਦਾ ਗਠਨ
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ
ਨਡਾਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਅਹਿਮ ਮੀਟਿੰਗ ਪਿੰਡ ਭੱਕੂਵਾਲ ਵਿਖੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾ, ਬਲਾਕ ਪ੍ਰਧਾਨ ਨਡਾਲਾ ਜੋਗਾ ਸਿੰਘ ਇਬਰਾਹੀਮਵਾਲ ਤੇ ਬਲਾਕ ਪ੍ਰਧਾਨ ਬੇਗੋਵਾਲ ਨਿਰਮਲ ਸਿੰਘ ਮੰਡ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਕਿਸਾਨੀ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਪਿੰਡ ਭੱਕੂਵਾਲ ਵਿਚ ਯੂਨੀਅਨ ਦੀ ਨਵੀਂ ਇਕਾਈ ਦਾ ਗਠਨ ਵੀ ਕੀਤਾ ਗਿਆ। ਇਸ ਮੌਕੇ ਬਲਵੀਰ ਸਿੰਘ ਨੂੰ ਇਕਾਈ ਪ੍ਰਧਾਨ ਭੱਕੂਵਾਲ ਨਿਯੁਕਤ ਕੀਤਾ ਗਿਆ, ਜਦਕਿ ਗੁਰਮੇਜਰ ਸਿੰਘ, ਰਘਵਿੰਦਰ ਸਿੰਘ, ਤਰਲੋਕ ਸਿੰਘ, ਅਵਜੋਤ ਸਿੰਘ, ਗੁਰਮੁਖ ਸਿੰਘ, ਜਗਬੀਰ ਸਿੰਘ, ਭੁਪਿੰਦਰ ਸਿੰਘ, ਪਰਗਣ ਸਿੰਘ, ਕੁਲਦੀਪ ਸਿੰਘ ਤੇ ਕੁਲਵੰਤ ਸਿੰਘ ਸਮੇਤ ਹੋਰ ਆਗੂਆਂ ਨੂੰ ਵੱਖ-ਵੱਖ ਅਹੁਦਿਆਂ ਤੇ ਮੈਂਬਰਾਂ ਵਜੋਂ ਚੁਣਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫਸਲਾਂ ਦੇ ਸਮਰਥਨ ਮੁੱਲ ਵਿਚ ਕੀਤਾ ਗਿਆ ਵਾਧਾ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਡਾ. ਸਵਾਮੀਨਾਥਨ ਰਿਪੋਰਟ ਤੇ ਮਹਿੰਗਾਈ ਸੂਚਕ ਅੰਕ ਦੇ ਅਧਾਰ ’ਤੇ ਝੋਨੇ ਦਾ ਭਾਅ 4000 ਰੁਪਏ, ਕਣਕ ਦਾ 4500 ਰੁਪਏ, ਮੱਕੀ ਦਾ 3000 ਰੁਪਏ ਤੇ ਗੰਨੇ ਦਾ 500 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਸਬਜ਼ੀਆਂ ਤੇ ਆਲੂਆਂ ਦੇ ਭਾਅ ਬਹੁਤ ਘੱਟ ਰਹਿਣ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਇਸ ਲਈ ਸਰਕਾਰ ਨੂੰ ਸਬਜ਼ੀਆਂ ਲਈ ਵੀ ਪੱਕਾ ਸਮਰਥਨ ਮੁੱਲ ਤੈਅ ਕਰਨਾ ਚਾਹੀਦਾ ਹੈ। ਮੀਟਿੰਗ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ 60 ਸਾਲ ਦੀ ਉਮਰ ਤੱਕ ਖੇਤਾਂ ਵਿਚ ਮਿਹਨਤ ਕੀਤੀ ਹੈ, ਉਨ੍ਹਾਂ ਨੂੰ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਕਿਸਾਨ ਦੇਸ਼ ਦੇ ਕਰੋੜਾਂ ਲੋਕਾਂ ਦਾ ਪੇਟ ਭਰਦਾ ਹੈ, ਇਸ ਲਈ ਸਰਕਾਰ ਨੂੰ ਕਿਸਾਨਾਂ ਦੀ ਭਲਾਈ ਲਈ ਗੰਭੀਰ ਤੇ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ। ਵਾਤਾਵਰਣ ਸੁਰੱਖਿਆ ਸਬੰਧੀ ਕਿਸਾਨਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਕਿਸਾਨ ਆਪਣੇ ਖੇਤਾਂ ਵਿਚ ਘੱਟੋ-ਘੱਟ ਪੰਜ ਰੁੱਖ ਜ਼ਰੂਰ ਲਗਾਏ, ਤਾਂ ਜੋ ਵਾਤਾਵਰਣ ਸੁਰੱਖਿਅਤ ਰਹੇ ਤੇ ਮੀਂਹ ਵਿਚ ਵਾਧਾ ਹੋ ਸਕੇ। ਇਸ ਦੇ ਨਾਲ ਹੀ ਝੋਨੇ ਦੀ ਲਵਾਈ ਤੋਂ ਪਹਿਲਾਂ ਖੇਤਾਂ ਵਿਚ ਬੇਲੋੜਾ ਪਾਣੀ ਨਾ ਛੱਡਣ ਦੀ ਅਪੀਲ ਵੀ ਕੀਤੀ ਗਈ, ਕਿਉਂਕਿ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਮੀਟਿੰਗ ਵਿਚ ਤਹਿਸੀਲ ਢਿਲਵਾਂ ਵਿਚ ਤਹਿਸੀਲਦਾਰ ਦੀ ਖਾਲੀ ਪਈ ਪੋਸਟ ’ਤੇ ਵੀ ਚਿੰਤਾ ਜਤਾਈ ਗਈ ਤੇ ਸਰਕਾਰ ਤੋਂ ਜਲਦ ਨਿਯੁਕਤੀ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਜੋਗਿੰਦਰ ਸਿੰਘ ਬਾਗੜੀਆਂ, ਜਸਵਿੰਦਰ ਸਿੰਘ ਮਾਨਾ ਤਲਵੰਡੀ, ਕਰਮ ਸਿੰਘ ਮਾਨਾ ਤਲਵੰਡੀ, ਨਿਸ਼ਾਨ ਸਿੰਘ ਬਾਜਵਾ, ਅਮਰੀਕ ਸਿੰਘ ਮੀਤ ਪ੍ਰਧਾਨ ਨਡਾਲਾ, ਜਸਵੰਤ ਸਿੰਘ ਇਬਰਾਹੀਵਾਲ, ਮਹਿੰਦਰ ਸਿੰਘ, ਜਸਪਾਲ ਸਿੰਘ, ਬਲਕਾਰ ਸਿੰਘ, ਅਜੀਤ ਸਿੰਘ, ਦਲਬੀਰ ਸਿੰਘ, ਮਹਿੰਦਰ ਸਿੰਘ ਸਰਪੰਚ ਬਾਗੜੀਆਂ, ਕਾਬਲ ਸਿੰਘ, ਬਲਵਿੰਦਰ ਸਿੰਘ ਠੇਕੇਦਾਰ, ਗੁਰਮੀਤ ਸਿੰਘ ਰਾਜਪੁਰ, ਜੋਬਨਪ੍ਰੀਤ ਸਿੰਘ ਘੱਗ, ਮਨਦੀਪ ਸਿੰਘ, ਸੰਦੀਪ ਕੌਰ, ਦਲਜੀਤ ਕੌਰ, ਰੁਪਿੰਦਰ ਕੌਰ, ਗੁਰਪ੍ਰੀਤ ਕੌਰ ਸਮੇਤ ਹੋਰ ਵੱਡੀ ਗਿਣਤੀ ਵਿਚ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ।