ਸ਼ੁਕਰਾਨਾ ਯਾਤਰਾ ਦੇ ਨਾਂ ‘ਤੇ ਪੰਥ ਨੂੰ ਢਾਲ ਬਣਾ ਰਹੇ ਮਾਨ : ਖੁਰਾਣਾ
ਸ਼ੁਕਰਾਨਾ ਯਾਤਰਾ ਦੇ ਨਾਂ ‘ਤੇ ਪੰਥ ਨੂੰ ਢਾਲ ਬਣਾ ਕੇ ਚੋਣ ਪ੍ਰਚਾਰ ਕਰ ਰਹੇ ਭਗਵੰਤ ਮਾਨ- ਰਣਜੀਤ ਸਿੰਘ ਖੁਰਾਣਾ
Publish Date: Thu, 07 May 2026 06:41 PM (IST)
Updated Date: Thu, 07 May 2026 06:44 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ ਸ਼੍ਰੋਮਣੀ ਅਕਾਲੀ ਦਲ ਵਿਧਾਨਸਭਾ ਹਲਕਾ ਫਗਵਾੜਾ (ਸ਼ਹਿਰੀ) ਦੇ ਇੰਚਾਰਜ ਰਣਜੀਤ ਸਿੰਘ ਖੁਰਾਣਾ ਕੋਰ ਕਮੇਟੀ ਮੈਂਬਰ (ਇੰਡਸਟਰੀ ਤੇ ਵਪਾਰ ਵਿੰਗ ਪੰਜਾਬ) ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ੁਕਰਾਨਾ ਯਾਤਰਾ ਦੀ ਫਗਵਾੜਾ ਆਮਦ ‘ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ਼ੁਕਰਾਨਾ ਯਾਤਰਾ ਦੇ ਨਾਮ ‘ਤੇ ਪੰਥ ਨੂੰ ਢਾਲ ਬਣਾ ਕੇ ਅਗਲੀਆਂ ਵਿਧਾਨਸਭਾ ਚੋਣਾਂ ਦੀ ਪ੍ਰਚਾਰ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਭਗਵੰਤ ਮਾਨ ਅਕਸਰ ਕਹਿੰਦੇ ਸਨ ਕਿ ਮੰਤਰੀ ਅਜਿਹੇ ਕੰਮ ਹੀ ਕਿਉਂ ਕਰਦੇ ਹਨ ਕਿ ਉਨ੍ਹਾਂ ਨੂੰ ਟਾਈਟ ਸਕਿਓਰਿਟੀ ਦੀ ਲੋੜ ਪਵੇ, ਉਨ੍ਹਾਂ ਭਗਵੰਤ ਮਾਨ ਦੀ ਫੇਰੀ ਦੌਰਾਨ ਸ਼ਹਿਰ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ। ਖੁਰਾਣਾ ਨੇ ਮੁੱਖ ਮੰਤਰੀ ‘ਤੇ ਫਗਵਾੜਾ ਵਾਸੀਆਂ ਦੇ ਜਜ਼ਬਾਤਾਂ ਨਾਲ ਖੇਡਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਮੁੱਖ ਮੰਤਰੀ ਦਾ ਇਹ ਬਿਆਨ ਹੈਰਾਨ ਕਰਨ ਵਾਲਾ ਹੈ ਕਿ ਉਨ੍ਹਾਂ ਤੱਕ ਇਹ ਗੱਲ ਪਹੁੰਚੀ ਹੈ ਕਿ ਫਗਵਾੜਾ ਨੂੰ ਜ਼ਿਲ੍ਹਾ ਬਨਾਉਣ ਦੀ ਮੰਗ ਉੱਠ ਰਹੀ ਹੈ, ਜਦਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਪਿਛਲੀਆਂ ਕਈ ਚੋਣਾਂ ਦੌਰਾਨ ਫਗਵਾੜਾ ਵਾਸੀਆਂ ਨੂੰ ਭਰੋਸਾ ਦੇ ਕੇ ਗਏ ਸਨ ਕਿ ਫਗਵਾੜਾ ਨੂੰ ਜਲਦੀ ਜ਼ਿਲ੍ਹਾ ਬਣਾਇਆ ਜਾਵੇਗਾ। ਭਗਵੰਤ ਮਾਨ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਕਿੱਕਲੀ ਪਾਉਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਕਿਹਾ ਕਿ ਭਗਵੰਤ ਮਾਨ ਸਟੇਜਾਂ ਤੋਂ ਇਸ ਲਈ ਬਾਦਲ ਸਾਹਿਬ ਦੇ ਨਾਂ ਦੀ ਕਿੱਕਲੀ ਪਾਉਂਦੇ ਹਨ, ਕਿਉਂਕਿ ਸੁਪਨੇ ਵਿਚ ਵੀ ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨਜ਼ਰ ਆਉਂਦੇ ਹਨ, ਜੋ ਜਲਦੀ ਹੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ। ਉਨ੍ਹਾਂ ਫਗਵਾੜਾ ਦੇ ਲੋਕਾਂ ਨੂੰ ਆਗਾਹ ਕੀਤਾ ਕਿ ਮੁੱਖ ਮੰਤਰੀ ਦੇ ਕਿਸੇ ਵੀ ਬਿਆਨ ਨੂੰ ਗੰਭੀਰਤਾ ਦੇ ਨਾਲ ਨਾ ਲਿਆ ਜਾਵੇ ਕਿਉਂਕਿ ਉਹ ਅਗਲੀਆਂ ਵਿਧਾਨਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਝੂਠ ਦਾ ਕੜਾਹ ਵੰਡ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕਾਂ ਨੂੰ ਆਪ ਪਾਰਟੀ ਦੇ ਝੂਠੇ ਸਬਜ਼ਬਾਗ ਦਾ ਸ਼ਿਕਾਰ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ।