ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ’ਚ ਵਿਸ਼ੇਸ਼ ਲੈਕਚਰ ਕਰਵਾਇਆ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਆਯੋਜਿਤ
Publish Date: Fri, 17 Oct 2025 09:47 PM (IST)
Updated Date: Fri, 17 Oct 2025 09:50 PM (IST)
ਕੁਲਵਿੰਦਰ ਸਿੰਘ, ਲਾਡੀ ਪੰਜਾਬੀ ਜਾਗਰਣ
ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵੱਲੋਂ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਕਪੂਰਥਲਾ ਤੋਂ ਡਾ. ਜਗਜੀਤ ਸਿੰਘ ਨੇ ਇੱਕ ਵਿਸ਼ੇਸ਼ ਲੈਕਚਰ ਦਿੱਤਾ। ਡਾ. ਜਗਜੀਤ ਸਿੰਘ ਨੇ ਆਪਣੇ ਲੈਕਚਰ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਉਨ੍ਹਾਂ ਦੀ ਬਾਣੀ ਅਤੇ ਮਨੁੱਖਤਾ ਪ੍ਰਤੀ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਉੱਤੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਨੇ ਧਰਮ, ਨਿਰਭਉਤਾ ਅਤੇ ਸੱਚ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ, ਜੋ ਸਾਰੀ ਮਨੁੱਖਤਾ ਲਈ ਪ੍ਰੇਰਨਾਦਾਇਕ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬ ਦੇ ਉਪਦੇਸ਼ਾਂ ’ਤੇ ਚੱਲ ਕੇ ਸੱਚ, ਧੀਰਜ ਅਤੇ ਸੇਵਾ ਦੇ ਮਾਰਗ ’ਤੇ ਅੱਗੇ ਵਧਣ। ਇਸ ਮੌਕੇ ਐੱਨਐੱਸਐੱਸ ਕੋਆਰਡੀਨੇਟਰ ਡਾ. ਪਰਮਜੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਆਤਮਕ ਅਤੇ ਨੈਤਿਕ ਜਾਗਰੂਕਤਾ ਪੈਦਾ ਕਰਦੇ ਹਨ। ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਮਨੁੱਖਤਾ ਲਈ ਮਾਰਗਦਰਸ਼ਕ ਦੱਸਿਆ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ, ਪੰਜਾਬੀ ਵਿਭਾਗ ਦੇ ਇੰਚਾਰਜ ਹਰਜਿੰਦਰ ਕੌਰ ਨੇ ਇਸ ਪ੍ਰੋਗਰਾਮ ਸਬੰਧੀ ਯੋਗ ਪ੍ਰਬੰਧ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਵਿਦਿਆਰਥੀਆਂ ਨੂੰ ਇਸ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਇਸ ਸਮਾਗਮ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਕੀਤਾ।