ਬਜਰੰਗ ਦਲ ਧਾਰਮਿਕ ਤੇ ਸਮਾਜਿਕ ਕਾਰਜਾਂ ਲਈ ਹਮੇਸ਼ਾ ਤਿਆਰ ਰਹਿੰਦਾ : ਨਰੇਸ਼
ਬਜਰੰਗ ਦਲ ਧਾਰਮਿਕ ਅਤੇ ਸਮਾਜਿਕ ਕਾਰਜਾਂ ਲਈ ਹਮੇਸ਼ਾ ਤਿਆਰ ਰਹਿੰਦਾ ਹੈ : ਨਰੇਸ਼ ਪੰਡਿਤ
Publish Date: Sun, 26 Apr 2026 08:27 PM (IST)
Updated Date: Sun, 26 Apr 2026 08:31 PM (IST)

ਵੀਐੱਚਪੀ ਨੇਤਾ ਨਰੇਸ਼ ਪੰਡਿਤ ਨੂੰ ਮਾਤਾ ਭੱਦਰਕਾਲੀ ਜੀ ਦੇ 79ਵੇਂ ਸਾਲਾਨਾ ਮੇਲੇ ਸਬੰਧੀ ਦਿੱਤਾ ਸੱਦਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਦੇ ਪਿੰਡ ਸ਼ੇਖੂਪੁਰ ਵਿਚ ਸਥਿਤ ਮਾਤਾ ਭੱਦਰਕਾਲੀ ਜੀ ਦਾ 79ਵਾਂ ਸਾਲਾਨਾ ਮੇਲਾ 13 ਮਈ ਨੂੰ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਬੰਧੀ 12 ਮਈ ਨੂੰ ਕਪੂਰਥਲਾ ਦੇ ਸ਼ਾਲੀਮਾਰ ਬਾਗ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗਾ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਹੁੰਦੀ ਹੋਈ ਰਾਤ 10 ਵਜੇ ਸ਼ੇਖੂਪੁਰ ਦੇ ਮਾਤਾ ਭੱਦਰਕਾਲੀ ਮੰਦਿਰ ਪਹੁੰਚ ਕੇ ਸਮਾਪਤ ਹੋਵੇਗੀ। ਇਸ ਸਬੰਧ ਵਿਚ ਮਾਤਾ ਭੱਦਰਕਾਲੀ ਕਮੇਟੀ ਦੇ ਰਾਹੁਲ ਆਨੰਦ, ਬਬਲੂ ਸਰਪੰਚ, ਕਪਿਲ ਸ਼ਰਮਾ, ਰਾਜਿੰਦਰ ਸ਼ਰਮਾ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ, ਬਜਰੰਗ ਦਲ ਦੇ ਜ਼ਿਲ੍ਹਾ ਉਪ ਪ੍ਰਧਾਨ ਰਾਕੇਸ਼ ਪੰਡਿਤ (ਨੋਨੀ) ਤੇ ਕਾਰਤਿਕ ਸ਼ਰਮਾ ਨੂੰ ਮਾਤਾ ਭੱਦਰਕਾਲੀ ਦੇ ਮੇਲੇ ਤੇ ਸ਼ਾਨਦਾਰ ਸ਼ੋਭਾ ਯਾਤਰਾ ਵਿਚ ਹਿੱਸਾ ਲੈਣ ਲਈ ਸੱਦਾ ਪੱਤਰ ਦਿੱਤਾ। ਇਸ ਦੌਰਾਨ ਨਰੇਸ਼ ਪੰਡਿਤ ਨੇ ਦੱਸਿਆ ਕਿ 13 ਮਈ ਨੂੰ ਹੋਣ ਵਾਲੇ ਮਾਤਾ ਭੱਦਰਕਾਲੀ ਜੀ ਦੇ ਮੇਲੇ ਦੇ ਸਬੰਧ ਵਿਚ 12 ਮਈ ਨੂੰ ਕਪੂਰਥਲਾ ਦੇ ਸ਼ਾਲੀਮਾਰ ਬਾਗ ਤੋਂ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਸੈਂਕੜੇ ਅਹੁਦੇਦਾਰ ਤੇ ਵਰਕਰ ਹਿੱਸਾ ਲੈਣਗੇ ਤੇ ਮਾਤਾ ਭੱਦਰਕਾਲੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਸੈਂਕੜੇ ਅਹੁਦੇਦਾਰ ਤੇ ਵਰਕਰ ਮੇਲੇ ਵਾਲੇ ਦਿਨ ਮਾਤਾ ਰਾਣੀ ਦੇ ਦਰਬਾਰ ਵਿਚ ਸੇਵਾ ਕਰਨਗੇ। ਇਸ ਤੋਂ ਬਾਅਦ ਨਰੇਸ਼ ਪੰਡਿਤ ਨੇ ਕਿਹਾ ਕਿ ਮੇਲੇ ਸਾਡੀ ਸੱਭਿਆਚਾਰਕ ਵਿਰਾਸਤ ਹਨ। ਮੇਲੇ ਆਪਸੀ ਭਾਈਚਾਰੇ ਤੇ ਸਦਭਾਵਨਾ ਨੂੰ ਵਧਾਉਂਦੇ ਹਨ। ਪੰਡਿਤ ਨੇ ਕਿਹਾ ਕਿ ਮੇਲਿਆਂ ਦਾ ਅਰਥ ਹੈ ਮੇਲ। ਲੋਕਾਂ ਨੂੰ ਆਪਣੇ ਨਕਾਰਾਤਮਕ ਵਿਚਾਰਾਂ ਨੂੰ ਤਿਆਗਣਾ ਚਾਹੀਦਾ ਹੈ ਅਤੇ ਨਵੀਂ ਊਰਜਾ ਨਾਲ ਆਪਸੀ ਭਾਈਚਾਰੇ ਤੇ ਸਮਾਜਿਕ ਸਦਭਾਵਨਾ ਨੂੰ ਵਧਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਰਾਸਤੀ ਸ਼ਹਿਰ ਕਪੂਰਥਲਾ ਵਿਚ ਗਊ ਸੇਵਾ ਦੇ ਨਾਲ-ਨਾਲ ਸੱਭਿਆਚਾਰਕ ਤੇ ਧਾਰਮਿਕ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਹ ਸਾਨੂੰ ਨਾ ਸਿਰਫ਼ ਇਕ ਦੂਜੇ ਦੇ ਸੱਭਿਆਚਾਰਾਂ ਤੋਂ ਜਾਣੂ ਕਰਵਾਉਂਦਾ ਹੈ, ਸਗੋਂ ਆਪਸੀ ਭਾਈਚਾਰੇ ਨੂੰ ਵੀ ਉਤਸ਼ਾਹਿਤ ਕਰਦਾ ਹੈ। ਨਰੇਸ਼ ਪੰਡਿਤ ਨੇ ਕਿਹਾ ਕਿ ਮੇਲੇ ਸਾਡੇ ਸਮਾਜ ਨੂੰ ਇਕਜੁੱਟ ਕਰਨ ਤੇ ਸਾਡੇ ਸੱਭਿਆਚਾਰ ਤੇ ਪ੍ਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਮੇਲੇ ਤੇ ਤਿਉਹਾਰ ਸਾਡੇ ਪੁਰਖਿਆਂ ਤੋਂ ਵਿਰਾਸਤ ਵਿਚ ਮਿਲੇ ਹਨ ਤੇ ਪੀੜ੍ਹੀ ਦਰ ਪੀੜ੍ਹੀ ਮਨਾਏ ਜਾਂਦੇ ਰਹਿੰਦੇ ਹਨ। ਉਨ੍ਹਾਂ ਇਨ੍ਹਾਂ ਕੀਮਤੀ ਵਿਰਾਸਤਾਂ ਨੂੰ ਸੰਭਾਲਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਨਰੇਸ਼ ਪੰਡਿਤ ਨੇ ਮਾਤਾ ਭੱਦਰਕਾਲੀ ਮੰਦਿਰ ਕਮੇਟੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮੰਦਿਰ ਕਮੇਟੀ ਦੇ ਮੈਂਬਰਾਂ ਦੀ ਸਖ਼ਤ ਮਿਹਨਤ ਤੇ ਸਥਾਨਕ ਲੋਕਾਂ ਦੇ ਸਮਰਥਨ ਨਾਲ ਹਰ ਸਾਲ ਮੇਲਾ ਸਫਲਤਾਪੂਰਵਕ ਆਯੋਜਿਤ ਕੀਤਾ ਜਾਂਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਬਜਰੰਗ ਦਲ ਦੇ ਵਰਕਰ ਦੇਸ਼ ਦੇ ਵਿਕਾਸ ਤੇ ਸਮਾਜਿਕ ਤੇ ਧਾਰਮਿਕ ਗਤੀਵਿਧੀਆਂ ਵਿਚ ਯੋਗਦਾਨ ਪਾਉਣ ਲਈ ਹਮੇਸ਼ਾ ਤਿਆਰ ਰਹਿਣਗੇ।