ਬਜਰੰਗ ਦਲ ਵੱਲੋਂ ਲੋਕਾਂ ਨੂੰ ਅਫਵਾਹਾਂ ਤੇ ਯਕੀਨ ਨਾ ਕਰਨ ਦੀ ਅਪੀਲ

--ਬਣ ਰਹੇ ਹਾਲਾਤ ’ਤੇ ਸਰਕਾਰਾਂ ਤੇ ਲੋਕਾਂ ਨੂੰ ਸੰਜ਼ੀਦਗੀ ਦਿਖਾਉਣ ਦੀ ਲੋੜ-ਆਨੰਦ/ਜੱਸਲ/ਮਹਿਰਾ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਵਿਸ਼ਵ ਪੱਧਰ ’ਤੇ ਬਣ ਰਹੇ ਜੰਗੀ ਹਲਾਤ ਦੇ ਮੱਦੇਨਜ਼ਰ ਦੇਸ਼ ਅੰਦਰ ਪੈਟਰੋਲ/ਡੀਜ਼ਲ ਦੀ ਕਮੀ ਪੈਦਾ ਹੋਣ ਦੀ ਚਰਚਾ ਕਰ ਕੇ ਵੱਡੀ ਗਿਣਤੀ ਲੋਕਾਂ ਵੱਲੋਂ ਅੱਜ ਪੈਟਰੋਲ ਤੇ ਡੀਜ਼ਲ ਆਪਣੇ ਵਾਹਨਾਂ ਵਿਚ ਭਰਵਾਇਆ ਗਿਆ ਹੈ। ਇਸ ਕਾਰਨ ਕਈ ਪੈਟਰੋਲ ਪੰਪਾਂ ’ਤੇ ਤੇਲ ਖਤਮ ਹੋ ਗਿਆ ਤੇ ਕਈ ਥਾਵਾਂ ’ਤੇ ਵੱਡੀਆਂ ਕਤਾਰਾਂ ਲੱਗੀਆਂ ਰਹੀਆਂ। ਇਸੇ ਤਰ੍ਹਾਂ ਹੋਰ ਵੀ ਜ਼ਰੂਰੀ ਵਸਤਾਂ ਲੋਕਾਂ ਵੱਲੋਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਅਮਰੀਕਾ-ਇਜ਼ਰਾਈਲ ਵੱਲੋਂ ਈਰਾਨ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਰਸੋਈ ਗੈਸ ਸੰਕਟ ਪੈਦਾ ਹੋਣ ਕਾਰਨ ਲੋਕ ਰਸੋਈ ਗੈਸ ਸੰਕਟ ਨਾਲ ਜੂਝ ਰਹੇ ਹਨ। ਵਪਾਰਕ ਗੈਸ ਸੰਕਟ ਕਾਰਨ ਕਈ ਚੀਜ਼ਾਂ ਦੇ ਰੇਟ ਵੀ ਵਧ ਗਏ ਹਨ। ਅਜਿਹੀ ਸਥਿਤੀ ਵਿਚ ਹੁਣ ਲੋਕਾਂ ਵੱਲੋਂ ਪੈਟਰੋਲ ਤੇ ਡੀਜ਼ਲ ਵਧੇਰੇ ਖਰੀਦੇ ਜਾ ਰਹੇ ਹਨ। ਇਸ ਕਾਰਨ ਪੈਟਰੋਲ ਪੰਪਾਂ ’ਤੇ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਅੱਜ ਇਥੇ ਬਜਰੰਗ ਦਲ ਵੱਲੋਂ ਦੇਸ਼ ਪੱਧਰ ’ਤੇ ਪੈਦਾ ਹੋ ਰਹੇ ਮੌਜੂਦਾ ਸਮਾਜਿਕ ਤੇ ਆਰਥਿਕ ਹਲਾਤਾਂ ’ਤੇ ਡੂੰਘੀ ਚਿੰਤਾ ਪ੍ਰਗਟਾਈ ਗਈ। ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ, ਜ਼ਿਲ੍ਹਾ ਮੀਤ ਪ੍ਰਧਾਨ ਗੁਲਸ਼ਨ ਮਹਿਰਾ ਤੇ ਸ਼ਹਿਰੀ ਪ੍ਰਧਾਨ ਮੋਹਿਤ ਜੱਸਲ ਨੇ ਸਾਂਝੇ ਤੌਰ ’ਤੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਲੋਕ-ਹਿੱਤ ’ਚ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਮੁੜ ਲਾਕਡਾਊਨ ਲੱਗਣ ਦੀਆਂ ਅਫਵਾਹਾਂ ਕਾਰਨ ਆਮ ਜਨਤਾ ’ਚ ਭਾਰੀ ਸਹਿਮ ਤੇ ਘਬਰਾਹਟ ਦਾ ਮਾਹੌਲ ਹੈ। ਇਸ ਸਥਿਤੀ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਕੁਝ ਮੁਨਾਫਾਖੋਰ ਮਾਰਕੀਟ ’ਚ ਜਮ੍ਹਾਖੋਰੀ ਤੇ ਕਾਲਾਬਜ਼ਾਰੀ ਕਰ ਰਹੇ ਹਨ। ਤੇਲ ਤੇ ਰਸੋਈ ਗੈਸ ਦੀ ਕਮੀ ਹੋਣ ਦਾ ਡਰ ਦਿਖਾ ਕੇ ਚੀਜ਼ਾਂ ਦੀਆਂ ਕੀਮਤਾ ਵਧਾਈਆਂ ਜਾ ਰਹੀਆਂ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਅਫਵਾਹਾਂ ’ਤੇ ਤੁਰੰਤ ਰੋਕ ਲਗਾਉਣ ਤੇ ਜ਼ਰੂਰੀ ਵਸਤਾਂ ਦੀ ਨਿਗਰਾਨੀ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਜਾਣ। ਬਜਰੰਗ ਦਲ ਦੇ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤੇ ਗਏ ਭਾਰੀ ਵਾਧੇ ਦੀ ਨਿਖੇਧੀ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਹੀ ਪਿਛਲੇ ਲਾਕਡਾਊਨ ਦੀ ਆਰਥਿਕ ਮਾਰ ਤੋਂ ਉੱਭਰ ਨਹੀਂ ਸਕੇ ਹਨ, ਅਜਿਹੇ ਵਿਚ ਮਹਿੰਗਾਈ ਦਾ ਵਾਧੂ ਖੇਡ ਲੋਕਾਂ ਦਾ ਲੱਕ ਤੋੜ ਦੇਵੇਗਾ। ਆਗੂਆਂ ਨੇ ਕਿਹਾ ਕਿ ਮੁਨਾਫਾਖੋਰੀ ਵਿਰੁੱਧ ਸਖ਼ਤ ਕਾਰਵਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਤੁਰੰਤ ਛਾਪੇਮਾਰੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਮ੍ਹਾਖੋਰੀ ਐਕਟ ਤਹਿਤ ਦੋਸ਼ੀਆਂ ਵਿਰੁੱਧ ਐੱਫਆਰਆਈ ਦਰਜ ਕੀਤੀ ਜਾਵੇ ਤੇ ਜੁਰਮਾਨਾ ਲਗਾਇਆ ਜਾਵੇ।