ਇਟਲੀ ’ਚ ਕਰਵਾਇਆ ਵਿਸ਼ਾਲ ਗੁਰਮਤਿ ਸਮਾਗਮ
ਬਾਬਾ ਮਾਨ ਸਿੰਘ ਪਿਹੋਵੇ ਵਾਲਿਆਂ ਨੇ ਲੱਖਾਂ ਸੰਗਤਾਂ ਨੂੰ ਗੁਰੂ ਲੜ ਲਾਇਆ : ਢਾਡੀ ਗੌਰੀ
Publish Date: Mon, 11 May 2026 09:49 PM (IST)
Updated Date: Mon, 11 May 2026 09:51 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੀਤੇ ਦਿਨੀਂ ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਸੰਤ ਬਾਬਾ ਮਾਨ ਸਿੰਘ ਪਿਹੋਵੇ ਵਾਲਿਆਂ ਦੀ ਯਾਦ ਵਿਚ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰਮਤਿ ਸਮਾਗਮ ਦੀ ਆਰੰਭਤਾ ਕੀਤੀ, ਜਿਸ ਵਿਚ ਕੀਰਤਨ ਕਥਾ ਵਿਚਾਰਾਂ ਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਗੁਰਮਤਿ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕਰਦਿਆਂ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ। ਇਸ ਮੌਕੇ ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਤੌਰ ’ਤੇ ਯੂਰਪ ਦੇ ਦੌਰੇ ’ਤੇ ਪਹੁੰਚੇ ਗੁਰਜੀਤ ਸਿੰਘ ਗੌਰੀ ਜਾਂਗਲਾ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਜਿਥੇ ਗੁਰ ਇਤਿਹਾਸ ਦੇ ਨਾਲ ਜੋੜਿਆ, ਉੱਥੇ ਹੀ ਬਾਬਾ ਮਾਨ ਸਿੰਘ ਪਿਹੋਵੇ ਵਾਲਿਆਂ ਵੱਲੋਂ ਸਿੱਖੀ ਪ੍ਰਚਾਰ ਦੇ ਪ੍ਰਸਾਰ ਵਿਚ ਪਾਏ ਵਡਮੁੱਲੇ ਯੋਗਦਾਨ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸੰਤ ਬਾਬਾ ਮਾਨ ਸਿੰਘ ਪਿਹੋਵੇ ਵਾਲਿਆਂ ਵੱਲੋਂ ਦੇਸ਼ਾਂ-ਵਿਦੇਸ਼ਾਂ ਵਿਚ ਸਿੱਖੀ ਦਾ ਪ੍ਰਚਾਰ ਕਰਕੇ ਬਹੁਤ ਸਾਰੇ ਪ੍ਰਾਣੀਆਂ ਨੂੰ ਗੁਰੂ ਵਾਲੇ ਬਣਾਇਆ ਹੈ। ਪ੍ਰਬੰਧਕ ਕਮੇਟੀ ਤੇ ਪਤਵੰਤੇ ਸੱਜਣਾਂ ਜਥੇਦਾਰ ਮੇਹਰ ਸਿੰਘ, ਗੁਰਮੇਲ ਸਿੰਘ ਮੁਲਤਾਨੀ ਪ੍ਰਧਾਨ, ਲਖਵਿੰਦਰ ਸਿੰਘ ਸੈਕਟਰੀ, ਜਗਵਿੰਦਰ ਸਿੰਘ ਜੱਗਾ, ਹੈੱਡ ਗ੍ਰੰਥੀ ਗਿਆਨੀ ਦਵਿੰਦਰ ਸਿੰਘ, ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਸਵਰਨਜੀਤ ਸਿੰਘ ਘੋਤੜਾ ਵੱਲੋਂ ਗੁਰਜੀਤ ਸਿੰਘ ਗੌਰੀ ਜਾਂਗਲਾ ਦੇ ਸਮੁੱਚੇ ਜਥੇ ਸੀਨੀਅਰ ਢਾਡੀ ਬੂਟਾ ਸਿੰਘ ਸੁੰਨੜ, ਢਾਡੀ ਸਿਮਰਨਜੀਤ ਸਿੰਘ ਸੁੰਨੜ, ਸਰੰਗੀ ਮਾਸਟਰ ਗੁਰਪ੍ਰੀਤ ਸਿੰਘ ਗੋਪੀ ਸਾਦਕਪੁਰ ਤੇ ਹੋਰ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।