ਬਾਲ ਵਿਆਹ ਰੋਕਥਾਮ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਅਕਸ਼ਯ ਤ੍ਰਿਤੀਆ ਮੌਕੇ ਬਾਲ ਵਿਆਹ ਰੋਕਥਾਮ ਲਈ ਜਾਗਰੂਕਤਾ ਪ੍ਰੋਗਰਾਮ ਆਯੋਜਿਤ
Publish Date: Tue, 21 Apr 2026 10:33 PM (IST)
Updated Date: Tue, 21 Apr 2026 10:37 PM (IST)

ਸੁਲਤਾਨਪੁਰ ਲੋਧੀ ਬਲਾਕ ’ਚ ਲੋਕਾਂ ਨੂੰ ਕਾਨੂੰਨੀ ਤੇ ਸਮਾਜਿਕ ਨੁਕਸਾਨਾਂ ਬਾਰੇ ਕੀਤਾ ਗਿਆ ਜਾਗਰੂਕ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਅਕਸ਼ੈ ਤ੍ਰਿਤੀਆ ਮੌਕੇ ਬਾਲ ਵਿਆਹ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕਪੂਰਥਲਾ ਰਾਜੀਵ ਢਾਂਡਾ ਦੀ ਰਹਿਨੁਮਾਈ ਹੇਠ ਬਲਾਕ ਸੁਲਤਾਨਪੁਰ ਲੋਧੀ ਵਿੱਚ ਬਾਲ ਵਿਆਹ ਰੋਕਥਾਮ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪਿੰਡ ਵਾਸੀਆਂ ਨੂੰ ਬਾਲ ਵਿਆਹ ਦੇ ਨੁਕਸਾਨਾਂ ਅਤੇ ਇਸ ਦੇ ਕਾਨੂੰਨੀ ਪ੍ਰਭਾਵਾਂ ਬਾਰੇ ਜਾਣਕਾਰੀ ਦੇਣਾ ਸੀ। ਇਸ ਮੌਕੇ ਸਮੂਹ ਮੈਂਬਰਾਂ ਨੂੰ ਦੱਸਿਆ ਗਿਆ ਕਿ ਬਾਲ ਵਿਆਹ ਇੱਕ ਗੰਭੀਰ ਸਮਾਜਿਕ ਬੁਰਾਈ ਹੈ, ਜਿਸ ਨਾਲ ਬੱਚਿਆਂ ਦੀ ਸਿਹਤ, ਸਿੱਖਿਆ ਅਤੇ ਭਵਿੱਖ ’ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸੁਲਤਾਨਪੁਰ ਲੋਧੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਦੀ ਕਾਨੂੰਨੀ ਉਮਰ ਤੋਂ ਪਹਿਲਾਂ ਵਿਆਹ ਨਾ ਕਰਨ ਅਤੇ ਅਜਿਹੀ ਕਿਸੇ ਵੀ ਘਟਨਾ ਬਾਰੇ ਤੁਰੰਤ ਸੰਬੰਧਿਤ ਅਧਿਕਾਰੀਆਂ ਨੂੰ ਸੂਚਿਤ ਕਰਨ। ਇਸ ਦੇ ਨਾਲ ਹੀ ਬਾਲ ਵਿਆਹ ਰੋਕਥਾਮ ਕਾਨੂੰਨ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਵਿਭਾਗ ਵੱਲੋਂ ਦੱਸਿਆ ਗਿਆ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਲਗਾਤਾਰ ਜਾਰੀ ਰਹਿਣਗੇ ਤਾਂ ਜੋ ਸਮਾਜ ਨੂੰ ਇਸ ਬੁਰਾਈ ਤੋਂ ਮੁਕਤ ਕੀਤਾ ਜਾ ਸਕੇ।