ਕਾਰਡ ਬਦਲ ਕੇ ਠੱਗੇ 80 ਹਜ਼ਾਰ
ਏਟੀਐਮ ਰਾਹੀਂ ਠੱਗੀ ਦਾ ਸਿਲਸਿਲਾ ਜਾਰੀ, ਕਾਰਡ ਬਦਲ ਕੇ ਠੱਗੇ 80 ਹਜਾਰ
Publish Date: Sun, 03 May 2026 08:48 PM (IST)
Updated Date: Sun, 03 May 2026 08:50 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਵਿਚ ਬੀਤੇ ਦਿਨ ਮਜ਼ਦੂਰ ਦਿਵਸ ਮੌਕੇ ਇਕ ਸ਼ਾਤਰ ਠੱਗ ਨੇ ਏਟੀਐੱਮ ਕਾਰਡ ਬਦਲ ਕੇ 80 ਹਜ਼ਾਰ ਦੀ ਠੱਗੀ ਮਾਰੀ। ਘਟਨਾ ਦਾ ਸ਼ਿਕਾਰ ਹੋਏ ਅਸ਼ੋਕ ਕੁਮਾਰ ਵਾਸੀ ਸ਼ਾਹਕੋਟ ਨੇ ਦੱਸਿਆ ਕਿ ਉਹ ਬੀਤੇ ਦਿਨ ਪੈਸੇ ਕਢਵਾਉਣ ਲਈ ਸੁਲਤਾਨਪੁਰ ਲੋਧੀ ਦੇ ਐੱਚਡੀਐੱਫਸੀ ਬੈਂਕ ਦੇ ਏਟੀਐੱਮ ਵਿਚ ਗਿਆ, ਜਿਥੇ ਇਕ ਵਿਅਕਤੀ ਨੇ ਉਸ ਦਾ ਭਰੋਸਾ ਜਿੱਤਿਆ ਤੇ ਪਹਿਲਾਂ ਉਸ ਦੇ ਏਟੀਐੱਮ ਤੋਂ 5 ਹਜ਼ਾਰ ਰੁਪਏ ਕੱਢ ਕੇ ਉਸ ਦੇ ਹੱਥ ਵਿਚ ਰੱਖ ਦਿੱਤੇ ਤੇ ਇਸ ਦੌਰਾਨ ਉਸ ਦਾ ਪਾਸਵਰਡ ਵੀ ਦੇਖ ਲਿਆ। ਫਿਰ ਕੁਝ ਸੈਕਿੰਡਾਂ ਵਿਚ ਹੱਥ ਦੀ ਸਫਾਈ ਨਾਲ ਉਸਦਾ ਅਸਲੀ ਏਟੀਐੱਮ ਕਾਰਡ ਆਪਣੇ ਕਾਰਡ ਨਾਲ ਬਦਲ ਦਿੱਤਾ। ਪੀੜਤ ਅਸ਼ੋਕ ਕੁਮਾਰ ਨੇ ਦੱਸਿਆ ਕਿ ਠੱਗ ਨੇ ਉਸ ਦੇ ਖਾਤੇ ’ਚੋਂ ਕਰੀਬ 80 ਹਜ਼ਾਰ ਰੁਪਏ ਕੱਢ ਲਏ ਤੇ ਕੁਝ ਪੈਸੇ ਦੀ ਸ਼ੌਪਿੰਗ ਵੀ ਕੀਤੀ ਗਈ। ਇਹ ਸਾਰੀ ਠੱਗੀ ਦੀ ਵੀਡੀਓ ਬੈਂਕ ਦੇ ਏਟੀਐੱਮ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਪੀੜਤ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਨੇ ਠੱਗੀ ਸਬੰਧੀ ਪਹਿਲਾਂ ਬੈਂਕ ਰਾਹੀਂ ਗੁਹਾਰ ਲਗਾਈ ਜਿਥੇ ਕਾਰਡ ਬੰਦ ਹੋਣ ਤੋਂ ਬਾਅਦ ਵੀ ਅਕਾਊਂਟ ਵਿਚੋਂ ਪੈਸੇ ਕਢਵਾਏ ਜਾਂਦੇ ਰਹੇ। ਫਿਰ ਉਸ ਨੇ ਇਸ ਸਬੰਧੀ ਸਾਈਬਰ ਕ੍ਰਾਈਮ ਨੂੰ ਵੀ ਸ਼ਿਕਾਇਤ ਦਿੱਤੀ ਪਰ ਉਨ੍ਹਾਂ ਵੀ ਹਾਲੇ ਤੱਕ ਮੇਰੀ ਕੋਈ ਸਹਾਇਤਾ ਨਹੀਂ ਕੀਤੀ। ਇਸ ਸਬੰਧੀ ਜਦੋਂ ਦੁਬਾਰਾ ਐਚਡੀਐਫਸੀ ਬੈਂਕ ਦੇ ਕੋਲ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਦਰਜ ਕਰਵਾਉਣ ਬਾਰੇ ਦੱਸਿਆ ਤਾਂ ਬੈਂਕ ਅਧਿਕਾਰੀਆਂ ਨੇ ਕਿਹਾ ਕਿ ਸਾਈਬਰ ਕ੍ਰਾਈਮ ਵਾਲੇ ਇਥੇ ਆਉਣ ਤਾਂ ਅਸੀਂ ਫਿਰ ਯੂਐੱਸਪੀਸੀ ਵਿਚ ਵੀਡੀਓ ਪਾ ਕੇ ਦੇ ਸਕਦੇ ਹਾਂ। ਪੀੜਤ ਅਸ਼ੋਕ ਕੁਮਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ।