ਰੰਜਿਸ਼ਨ ਘਰ ’ਚ ਵੜ ਕੇ ਕੀਤੀ ਕੁੱਟਮਾਰ, ਜ਼ਖ਼ਮੀ
ਸੰਵਾਦ ਸਹਿਯੋਗੀ, ਜਾਗਰਣਕਪੂਰਥਲਾ :
Publish Date: Fri, 27 Feb 2026 10:47 PM (IST)
Updated Date: Fri, 27 Feb 2026 10:49 PM (IST)
ਸੰਵਾਦ ਸਹਿਯੋਗੀ, ਜਾਗਰਣ ਕਪੂਰਥਲਾ : ਪਿੰਡ ਝੱਲ ਠੀਕਰੀਵਾਲ ’ਚ ਸ਼ੁੱਕਰਵਾਰ ਨੂੰ ਪੁਰਾਣੀ ਰੰਜਿਸ਼ ਕਾਰਨ ਇਕ ਨੌਜਵਾਨ ’ਤੇ ਉਸ ਦੇ ਘਰ ’ਚ ਵੜ ਕੇ 8-9 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪਰਿਵਾਰ ਨੇ ਤੁਰੰਤ ਸਿਵਲ ਹਸਪਤਾਲ ਕਪੂਰਥਲਾ ’ਚ ਭਰਤੀ ਕਰਵਾਇਆ। ਜ਼ਖ਼ਮੀ ਦੀ ਪਛਾਣ ਕੁਲਵੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਝੱਲ ਠੀਕਰੀਵਾਲ ਦੇ ਰੂਪ ’ਚ ਹੋਈ ਹੈ। ਹਸਪਤਾਲ ’ਚ ਇਲਾਜ ਅਧੀਨ ਕੁਲਵੀਰ ਸਿੰਘ ਨੇ ਦੱਸਿਆ ਕਿ ਲਗਪਗ 6 ਮਹੀਨੇ ਪਹਿਲਾਂ ਪਿੰਡ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਉਹ ਉਸ ਦੇ ਪਰਿਵਾਰ ਨੂੰ ਸੂਚਨਾ ਦੇਣ ਗਿਆ ਸੀ, ਜਿਸ ਤੋਂ ਬਾਅਦ ਉਹ ਲੋਕ ਉਸ ਨਾਲ ਰੰਜਿਸ਼ ਰੱਖਣ ਲੱਗੇ। ਕੁਲਵੀਰ ਸਿੰਘ ਅਨੁਸਾਰ ਸ਼ੁੱਕਰਵਾਰ ਨੂੰ ਉਹ ਘਰ ’ਚ ਇਕੱਲਾ ਸੀ। ਇਸ ਦੌਰਾਨ ਹਮਲਾਵਰ ਨੌਜਵਾਨ ਦੇ ਪਰਿਵਾਰਕ ਮੈਂਬਰ ਕੁਝ ਹੋਰ ਨੌਜਵਾਨਾਂ ਨਾਲ ਘਰ ’ਚ ਆ ਗਏ ਤੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਮੌਕੇ ’ਤੇ ਪਹੁੰਚ ਗਏ, ਜਿਸ ਤੋਂ ਬਾਅਦ ਮੁਲਜ਼ਮ ਉਥੋਂ ਫਰਾਰ ਹੋ ਗਏ। ਸਿਵਲ ਹਸਪਤਾਲ ਦੀ ਡਿਊਟੀ ਡਾਕਟਰ ਸ਼ੈਲਜਾ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਦਾ ਇਲਾਜ ਜਾਰੀ ਹੈ ਤੇ ਝਗੜੇ ਦੀ ਮੈਡੀਕਲ ਰਿਪੋਰਟ ਬਣਾ ਕੇ ਸਬੰਧਤ ਥਾਣੇ ਨੂੰ ਭੇਜ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।