ਪੇਂਡੂ ਮਜ਼ਦੂਰ ਯੂਨੀਅਨ ਨੇ ਰੋਸ ਵਜੋਂ ਫੂਕਿਆ ਸਰਕਾਰ ਤੇ ਸੰਗਰੂਰ ਪੁਲਿਸ ਦਾ ਪੁਤਲਾ
ਜ਼ਮੀਨੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਹਥੋਆ ਨੂੰ ਗ੍ਰਿਫ਼ਤਾਰ ਕਰਨ, ਜੇਲ੍ਹਾਂ ਵਿੱਚ ਬੰਦ ਦਲਿਤ ਮਜ਼ਦੂਰਾਂ ਨੂੰ ਰਿਹਾਅ ਕਰੋਂ
Publish Date: Wed, 18 Jun 2025 07:26 PM (IST)
Updated Date: Thu, 19 Jun 2025 04:07 AM (IST)

-ਕਿਹਾ, ਜੇਲ੍ਹਾਂ ’ਚ ਬੰਦ ਦਲਿਤ ਮਜ਼ਦੂਰਾਂ ਨੂੰ ਤੁਰੰਤ ਕੀਤਾ ਜਾਵੇ ਰਿਹਾਅ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਜ਼ਿਲ੍ਹੇ ਭਰ ’ਚ ਵੱਖ-ਵੱਖ ਪਿੰਡਾਂ ’ਚ ਦੂਜੇ ਅਤੇ ਤੀਜੇ ਦਿਨ ਵੀ ਪਿੰਡ ਝੁੱਗੀਆਂ ਗ਼ੁਲਾਮ, ਭੰਡਾਲ ਬੇਟ, ਅਤੇ ਸੰਗੋਜਲਾ ਵਿਖੇ ਰੋਸ ਮੁਜ਼ਾਹਰਾ ਕਰਦਿਆਂ ਬੇਜ਼ਮੀਨੇ ਦਲਿਤ ਮਜ਼ਦੂਰਾਂ ਵਿਰੋਧੀ ਭਗਵੰਤ ਮਾਨ ਸਰਕਾਰ ਤੇ ਸੰਗਰੂਰ ਪੁਲਿਸ ਪ੍ਰਸ਼ਾਸਨ ਦੇ ਪੁਤਲੇ ਫੂਕੇ ਗਏ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਤੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ ਨੇ ਪੁਤਲਾ ਫੂਕਣ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਿਛਲੀ 20 ਮਈ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਬੀੜ ਐਸਵਾਨ ਵਿਚ ਜੀਂਦ ਰਾਜੇ ਦੀ 927 ਏਕੜ ਜ਼ਮੀਨ ਉੱਤੇ ਆਪਣਾ ਹੱਕ ਜਿਤਾਉਣ ਲਈ ਨਿਕਲੇ ਹਜ਼ਾਰਾਂ ਕਿਰਤੀ ਬੇਜ਼ਮੀਨੇ ਕਿਸਾਨ ਦਲਿਤ ਮਜ਼ਦੂਰਾਂ ਨੂੰ ਉਸ ਜ਼ਮੀਨ ਤੇ ਬੇਗਮਪੁਰਾ ਵਸਾਉਣ ਜਾ ਰਹੇ ਲੋਕਾਂ ਪੰਜਾਬ ਸਰਕਾਰ ਨੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਲਾ ਕੇ ਬੇਜ਼ਮੀਨੇ ਦਲਿਤ ਮਜ਼ਦੂਰਾਂ ਕਿਸਾਨਾਂ ਨੂੰ ਘਰਾਂ ਵਿਚ ਨਜ਼ਰਬੰਦ ਤੇ 900 ਦੇ ਕਰੀਬ ਗਿਰਫ਼ਤਾਰ ਕਰਕੇ ਜਿਨ੍ਹਾਂ ਵਿਚੋਂ 400 ਮਰਦ ਔਰਤਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ, ਜਿਸ ਦੇ ਰੋਸ਼ ਵਜੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 2 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਗਿਆ। ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 2 ਜੂਨ ਹੀ ਜ਼ਿਲ੍ਹਾ ਹੈਡਕੁਆਰਟਰਾਂ ਤੇ ਰੋਸ਼ ਮੁਜਾਹਰੇ ਕਰਨ ਐਲਾਨ ਕੀਤਾ ਗਿਆ। ਸੰਘਰਸ਼ ਦੇ ਦਬਾਅ ਹੇਠ ਸੰਗਰੂਰ ਪ੍ਰਸ਼ਾਸਨ ਵੱਲੋਂ ਆਗੂਆਂ ਨਾਲ ਮੀਟਿੰਗ ਸੱਦੀ ਗਈ ਜਿਸ ਫੈਸਲਾ ਹੋਇਆ ਕਿ 18 ਜੂਨ ਤਿੰਨ ਮੰਤਰੀਆਂ ਨਾਲ ਪੈਨਲ ਮੀਟਿੰਗ ਹੋਵੇਗੀ ਤੇ ਪਿੰਡ ਸ਼ਾਦੀਹਰੀ ਦੇ ਦਸ ਮਰਦ ਅਤੇ ਦੋ ਔਰਤਾਂ ਜੇਲ੍ਹ ਵਿਚ ਬੰਦ ਹਨ। ਪੰਜਾਬ ਸਰਕਾਰ ਵੱਲੋਂ ਦੋ ਤਿੰਨ ਦਿਨਾਂ ’ਚ ਰਿਹਾਅ ਕਰ ਦਿੱਤਾ ਜਾਵੇਗਾ, ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਮਜ਼ਦੂਰ ਰਿਹਾਅ ਨਹੀਂ ਕੀਤੇ ਗਏ, ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ। ਇਸ ਵਾਅਦਾਖ਼ਿਲਾਫ਼ੀ ਦੇ ਰੋਸ ਵਜੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫ਼ਤਰ ਸੰਗਰੂਰ ਅੱਗੇ 13 ਜੂਨ ਨੂੰ ਪੱਕਾ ਮੋਰਚਾ ਸ਼ੁਰੂ ਕੀਤਾ ਜਾਣਾ ਸੀ, ਪਰੰਤੂ ਪੱਕੇ ਮੋਰਚੇ ਵਿਚ ਸ਼ਾਮਲ ਹੋਣ ਜਾ ਰਹੇ ਲੋਕਾਂ ਵੱਖ-ਵੱਖ ਥਾਵਾਂ ਤੇ ਉਨ੍ਹਾਂ ਨੂੰ ਰੋਕਿਆ ਗਿਆ ਅਤੇ ਇਸ ਸਬੰਧੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਲਿਖਤੀ ਗੱਲਬਾਤ ਸੱਦਾ ਦਿੱਤਾ ਗਿਆ। ਇਸ ਦੌਰਾਨ ਗੱਲਬਾਤ ਕਰਨ ਗਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਹਥੋਆ ਨੂੰ ਗਿਰਫ਼ਤਾਰ ਕਰ ਲਿਆ ਗਿਆ। ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਅਜਿਹੀ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਬਿੱਕਰ ਸਿੰਘ ਹਥੋਆ ਅਤੇ ਸ਼ਾਦੀਹਰੀ ਪਿੰਡ ਦੇ ਜੇਲ੍ਹਾਂ ਵਿਚ ਬੰਦ 13 ਦਲਿਤਾਂ ਬੇਜ਼ਮੀਨੇ ਲੋਕਾਂ ਦੀ ਤਰੁੰਤ ਰਿਹਾਈ ਦੀ ਮੰਗ ਕਰਦੀ ਹੈ। ਇਸ ਮੌਕੇ ਹੋਰਨਾਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ, ਤਰਸੇਮ ਸਿੰਘ, ਗੁਰਮਤਿ ਸਿੰਘ ਦੇਹਲਾਵਾਲ, ਕਸ਼ਮੀਰਾ ਝੂਗੀਆਂ ਗ਼ੁਲਾਮ, ਗੋਬਿੰਦ ਰਾਮ ਝੂਗੀਆਂ ਗ਼ੁਲਾਮ ਆਦਿ ਹਾਜ਼ਰ ਸਨ।