ਗੁਪਤ ਅੰਗ ’ਚ ਲੁਕਾ ਕੇ ਲਿਆ ਰਿਹਾ ਸੀ ਨਸ਼ੇ ਵਾਲਾ ਪਦਾਰਥ, ਤਲਾਸ਼ੀ ਦੌਰਾਨ ਫੜਿਆ
ਜਾਸੰ, ਕਪੂਰਥਲਾ : ਮਾਡਰਨ
Publish Date: Sat, 07 Mar 2026 09:56 PM (IST)
Updated Date: Sat, 07 Mar 2026 10:00 PM (IST)
ਜਾਸੰ, ਕਪੂਰਥਲਾ : ਮਾਡਰਨ ਜੇਲ੍ਹ ’ਚ ਪੇਸ਼ੀ ਤੋਂ ਪਰਤੇ ਇਕ ਹਵਾਲਾਤੀ ਕੋਲ ਨਸ਼ੇ ਵਾਲਾ ਪਦਾਰਥ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਥਾਣਾ ਕੋਤਵਾਲੀ ’ਚ ਹਵਾਲਾਤੀ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਐੱਫਆਈਆਰ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਵਿਕਰਮ ਸਿੰਘ ਨੇ ਥਾਣਾ ਕੋਤਵਾਲੀ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਹਵਾਲਾਤੀ ਦਲਜੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਭੋਡੇ ਬਿਲਗਾ ਬੀਤੇ ਦਿਨ ਅਦਾਲਤ ’ਚ ਪੇਸ਼ੀ ਭੁਗਤ ਕੇ ਵਾਪਸ ਜੇਲ੍ਹ ਆਇਆ ਸੀ ਤਾਂ ਜੇਲ੍ਹ ਦੇ ਮੁੱਖ ਗੇਟ ’ਤ ਸੁਰੱਖਿਆ ਕਰਮਚਾਰੀਆਂ ਨੇ ਉਸ ਦੀ ਤਲਾਸ਼ੀ ਲਈ। ਇਸ ਦੌਰਾਨ ਉਸ ਦੇ ਗੁਪਤ ਅੰਗ ਤੋਂ ਕਾਲੇ ਰੰਗ ਦੀ ਟੇਪ ਨਾਲ ਲਿਪਟਿਆ ਇਕ ਲਿਫਾਫਾ ਬਰਾਮਦ ਹੋਇਆ। ਲਿਫਾਫੇ ’ਚ ਇਕ ਪੀਲੇ ਰੰਗ ਦਾ ਨਸ਼ੇ ਵਾਲਾ ਪਦਾਰਥ ਮਿਲਿਆ, ਜਿਸ ਦਾ ਭਾਰ 29.40 ਗ੍ਰਾਮ ਸੀ। ਥਾਣਾ ਕੋਤਵਾਲੀ ਦੇ ਜਾਂਚ ਅਧਿਕਾਰੀ ਏਐੱਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟ ਵਿਕਰਮ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਹਵਾਲਾਤੀ ਦਲਜੀਤ ਸਿੰਘ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।