ਇਨੋਸੈਂਟ ਕਾਲਜ ’ਚ ਸੈਮੀਨਾਰ ਕਰਵਾਇਆ
ਐਂਟੀ ਡਰੱਗ ਕਲੱਬ ਦੁਆਬਾ ਤੇ ਰੋਟਰੀ ਕਲੱਬ ਵੱਲੋਂ ਇਨੋਸੈਂਟ ਕਾਲਜ ਵਿੱਚ ਸੈਮੀਨਾਰ ਕਰਵਾਇਆ
Publish Date: Fri, 13 Mar 2026 09:06 PM (IST)
Updated Date: Fri, 13 Mar 2026 09:09 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਐਂਟੀ ਡਰੱਗ ਕਲੱਬ ਦੁਆਬਾ ਤੇ ਰੋਟਰੀ ਕਲੱਬ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੂਬੇ ਦੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਤੇ ਉਨ੍ਹਾਂ ਦਾ ਮਨੋਬਲ ਉੱਚਾ ਕਰਨ ਲਈ ਸੈਮੀਨਾਰ ਕਰਵਾਏ ਜਾ ਰਹੇ ਹਨ, ਜਿਸ ਦੇ ਤਹਿਤ ਇਨੋਸੈਂਟ ਕਾਲਜ ਜਲੰਧਰ ਵਿਖੇ ਪ੍ਰਿੰਸੀਪਲ ਗਗਨਦੀਪ ਕੌਰ ਧੰਜੂ ਦੀ ਅਗਵਾਈ ਹੇਠ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਮਨਜੀਤ ਸਿੰਘ ਬੁਟਾਨੀ, ਡਾ. ਦੀਪਕ ਧੀਰ, ਡਾ. ਪੂਜਾ ਕਪੂਰ, ਅਨੀਤਾ ਧੀਰ, ਨੀਲਮ, ਅਨਮੋਲ ਮਾਨ ਤੇ ਉਂਕਾਰ ਸਿੰਘ ਨੇ ਕਿਹਾ ਕਿ ਕੁੱਝ ਤਾਕਤਾਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵੱਲ ਧੱਕਣਾ ਚਾਹੁੰਦੀਆਂ ਹਨ ਪਰ ਸਾਨੂੰ ਉਨ੍ਹਾਂ ਤਾਕਤਾਂ ਦੀ ਪਹਿਚਾਣ ਕਰਕੇ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਹੱਥ ਮੌਕਾ ਹੈ ਕਿ ਤੁਸੀਂ ਸਖ਼ਤ ਮਿਹਨਤ ਕਰਕੇ ਦੇਸ਼ ਤੇ ਸਮਾਜ ਦੀ ਸੇਵਾ ਕਰਦਿਆਂ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰੋ। ਉਨ੍ਹਾਂ ਕਿਹਾ ਕਿ ਇਨਸਾਨ ਨੂੰ ਇਹ ਵਡਮੁੱਲਾ ਜੀਵਨ ਜ਼ਿੰਦਗੀ ਵਿਚ ਇਕ ਵਾਰ ਹੀ ਮਿਲਦਾ ਹੈ। ਇਸ ਮੌਕੇ ਐਂਟੀ ਡਰੱਗ ਕਲੱਬ ਦੁਆਬਾ ਦੇ ਚੇਅਰਮੈਨ ਗਗਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਯੋਧਿਆਂ ਨੇ ਆਪਣੀ ਤਾਕਤ ਦਾ ਲੋਹਾ ਮਨਵਾਇਆ ਹੈ। ਇਹ ਸਾਡੇ ਪੰਜਾਬੀਆਂ ਦੀ ਪਰੰਪਰਾ ਹੈ ਪਰ ਇਸ ਪਰੰਪਰਾ ਨੂੰ ਤਹਿਸ-ਨਹਿਸ ਕਰਨ ਲਈ ਕੁਝ ਮਾੜੀ ਨੀਅਤ ਵਾਲ਼ੇ ਲੋਕ ਪੰਜਾਬ ਦੀ ਜਵਾਨੀ ਨੂੰ ਗ਼ਲਤ ਪਾਸੇ ਲਾਉਣਾ ਚਾਹੁੰਦੇ ਹਨ, ਸਾਨੂੰ ਇਸ ਦਾ ਟਾਕਰਾ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰਿੰਸੀਪਲ ਗਗਨਦੀਪ ਕੌਰ ਧੰਜੂ ਤੇ ਪ੍ਰਬੰਧਕ ਕਮੇਟੀ ਵੱਲੋਂ ਐਂਟੀ ਡਰੱਗ ਕਲੱਬ ਤੇ ਰੋਟਰੀ ਕਲੱਬ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਮਾੜੀ ਅਲਾਮਤ ਤੋਂ ਬਚਣਾ ਚਾਹੀਦਾ ਹੈ ਤੇ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਲਈ ਖੇਡਾਂ ਤੇ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਰਣਯੋਧ ਸਿੰਘ, ਸਾਜਲ, ਗੀਤਾਂਜਲੀ, ਅਨਮੋਲ ਆਦਿ ਵੀ ਹਾਜ਼ਰ ਸਨ।