ਪਿੰਡ ਡੁਮੇਲੀ ’ਚ ਕਰਵਾਇਆ ਸਲਾਨਾ ਗੁਰਮਤਿ ਸਮਾਗਮ
ਪਿੰਡ ਡੁਮੇਲੀ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਸਲਾਨਾ ਗੁਰਮਤਿ ਸਮਾਗਮ
Publish Date: Tue, 07 Apr 2026 11:08 PM (IST)
Updated Date: Tue, 07 Apr 2026 11:11 PM (IST)

ਕਿਰਪਾਲ ਸਿੰਘ ਮਾਇਓਪੱਟੀ ਪੰਜਾਬੀ ਜਾਗਰਣ ਪਾਂਸ਼ਟਾ : ਪਵਿੱਤਰ ਅਸਥਾਨ ਮੀਰੀ-ਪੀਰੀ ਅਕਾਲ ਦਰਬਾਰ (ਵਿਦਿਆਲਾ) ਸਾਹਿਬ ਜੀ ਪਿੰਡ ਡੁਮੇਲੀ ਤਹਿਸੀਲ ਫਗਵਾੜਾ ਵਿਖੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਾਉਣ ਦੀ ਖੁਸ਼ੀ ਵਿਚ ਸਲਾਨਾ ਗੁਰਮਤਿ ਸਮਾਗਮ ਮੁਖੀ ਬਾਬਾ ਬਲਵਿੰਦਰ ਸਿੰਘ ਜੀ ਡੁਮੇਲੀ ਦੀ ਅਗਵਾਈ ਹੇਠ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਰਵਾਏ ਸਲਾਨਾ ਗੁਰਮਤਿ ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਸ਼ਾਮ ਨੂੰ ਧਾਰਮਿਕ ਦੀਵਾਨ ਸਜਾਇਆ ਗਿਆ। ਦੂਸਰੇ ਦਿਨ ਸਵੇਰੇ ਅੰਮ੍ਰਿਤ ਸੰਚਾਰ ਤੋਂ ਬਾਅਦ ਸ਼ਾਮ ਨੂੰ ਧਾਰਮਿਕ ਦੀਵਾਨ ਸਜਾਇਆ ਗਿਆ। ਸਮਾਗਮ ਦੇ ਤੀਸਰੇ ਅਤੇ ਆਖਰੀ ਦਿਨ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਵਿਚ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ, ਨਾਮ ਰਸੀਏ, ਮਹਾਪੁਰਸ਼, ਨਿਹੰਗ ਸਿੰਘ ਜੱਥੇਬੰਦੀਆਂ ਦੇ ਮਹਾਪੁਰਸ਼, ਵਿਦਵਾਨ, ਕਥਾ ਵਾਚਕ, ਗੁਰਕੀਰਤਨੀਏ, ਢਾਡੀ ਅਤੇ ਕਵੀਸ਼ਰੀ ਸਿੰਘਾਂ ਨੇ ਗੁਰੂ ਯਸ਼ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਧਾਰਮਿਕ ਦੀਵਾਨ ਦੀ ਸਮਾਪਤੀ ਉਪਰੰਤ ਨਿਹੰਗ ਸਿੰਘਾਂ ਮਹੱਲਾ ਕੱਢਿਆ। ਜਿਸ ਵਿਚ ਘੁੜ ਦੌੜ, ਨੇਜਾ-ਬਾਜ਼ੀ ਤੇ ਗੱਤਕਾ ਦੇ ਜੌਹਰ ਵਿਸ਼ੇਸ਼ ਖਿੱਚ ਦਾ ਕੇਂਦਰ ਸਨ। ਉਪਰੰਤ ਕਬੱਡੀ ਦਾ ਮੈਚ ਕਰਵਾਇਆ ਗਿਆ, ਜਿਸ ਵਿਚ ਉਚ ਕੋਟੀ ਦੇ ਖਿਡਾਰੀਆਂ ਨੇ ਆਪਣੇ ਜੌਹਰ ਦਿਖਾਏ। ਸੰਤ ਬਾਬਾ ਬਲਵਿੰਦਰ ਸਿੰਘ ਨੇ ਸਮੂਹ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਲੜ ਲੱਗਣ ਲਈ ਪ੍ਰੇਰਿਆ। ਸੇਵਾਦਾਰਾਂ ਵੱਲੋਂ ਚਾਹ-ਪਕੌੜੇ ਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਲਾਕੇ ਭਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਪਰਿਵਾਰਾਂ ਸਮੇਤ ਸਮਾਗਮ ‘ਚ ਸ਼ਾਮਲ ਹੋ ਕੇ ਗੁਰੂ ਸਾਹਿਬ ਤੇ ਮਹਾਰਪੁਰਸ਼ਾਂ ਦਾ ਆਸ਼ੀਰਵਾਦ ਲਿਆ। ਪ੍ਰਮੁੱਖ ਸ਼ਖਸੀਅਤਾਂ ਤੇ ਸੇਵਾਦਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ।