ਸਾਲਾਨਾ ਮੇਲਾ ਸ਼ਰਧਾ ਨਾਲ ਮਨਾਇਆ
ਬਾਬਾ ਲਾਲਾ ਵਾਲਾ ਪੀਰ ਦਾ ਸਾਲਾਨਾ ਮੇਲਾ ਸ਼ਰਧਾ ਨਾਲ ਮਨਾਇਆ
Publish Date: Mon, 02 Mar 2026 09:45 PM (IST)
Updated Date: Mon, 02 Mar 2026 09:46 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਬਾਬਾ ਲਾਲਾ ਵਾਲਾ ਪੀਰ ਦੇ ਦਰਗਾਹ ਤੇ ਸਾਲਾਨਾ ਮੇਲਾ ਸ਼ਰਧਾ, ਉਤਸ਼ਾਹ ਤੇ ਸ਼ਾਨ ਨਾਲ ਮਨਾਇਆ ਗਿਆ। ਬਾਬਾ ਲਾਲਾ ਵਾਲਾ ਪੀਰ ਵੈੱਲਫੇਅਰ ਸੋਸਾਇਟੀ ਦੁਆਰਾ ਆਯੋਜਿਤ ਧਾਰਮਿਕ ਸਮਾਗਮ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨੇ ਦਰਗਾਹ ਤੇ ਹਾਜ਼ਰੀ ਭਰੀ, ਮੱਥਾ ਟੇਕਿਆ ਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕਪੂਰਥਲਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਗੁਰੂਆਂ, ਸੰਤਾਂ ਤੇ ਰਿਸ਼ੀਆਂ ਦੀ ਯਾਦ ਵਿਚ ਅਜਿਹੇ ਧਾਰਮਿਕ ਮੇਲੇ ਸਾਡੀ ਸਾਂਝੀ ਵਿਰਾਸਤ, ਸਮਾਜਿਕ ਏਕਤਾ ਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹਨ। ਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਪੀਰ ਬਾਬਾ ਲਾਲਾ ਵਾਲਾ ਭਲਾਈ ਕਮੇਟੀ ਦੇ ਪ੍ਰਧਾਨ ਦੀਪਕ ਧੀਰ ਰਾਜੂ ਤੇ ਮੁੱਖ ਸੇਵਾਦਾਰ ਅਮਿਤ ਕੁਮਾਰ ਰਿੰਕੂ ਨੇ ਸ਼ਾਲ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੇ ਪੀਏ ਲਵਪ੍ਰੀਤ ਸਿੰਘ ਤੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਨੇ ਵੀ ਰਾਤ ਨੂੰ ਹੋਈ ਮਹਿਫਿਲ-ਏ-ਕੱਵਾਲੀ ਵਿਚ ਹਿੱਸਾ ਲਿਆ। ਮੇਲੇ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਬਾਬਾ ਲਾਲਾ ਵਾਲਾ ਪੀਰ ਦਾ ਅਸਥਾਨ ਖੇਤਰ ਵਿਚ ਆਸਥਾ ਦਾ ਇਕ ਪ੍ਰਮੁੱਖ ਕੇਂਦਰ ਹੈ। ਇਸ ਮੌਕੇ ਪ੍ਰਸਿੱਧ ਸੂਫੀ ਗਾਇਕ ਪਰਵੇਜ਼ ਆਲਮ, ਦੇਬੀ ਮਖਸੂਸਪੁਰੀ ਤੇ ਸੀਟੀਜ਼ੈੱਡ ਲੁਧਿਆਣਾ ਨੇ ਆਪਣੇ ਮਨਮੋਹਕ ਪ੍ਰਦਰਸ਼ਨਾਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਦੇਰ ਰਾਤ ਤੱਕ ਸ਼ਰਧਾਲੂ ਸੂਫੀ ਸੰਗੀਤ ਦੀਆਂ ਸੁਰੀਲੀਆਂ ਧੁਨਾਂ ਤੇ ਨੱਚਦੇ ਰਹੇ। ਇਸ ਮੌਕੇ ਉੱਘੇ ਉਦਯੋਗਪਤੀ ਰਾਜ ਮੋਹਨ ਪੁਰੀ, ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਮੁੱਖ ਸੇਵਾਦਾਰ ਅਮਿਤ ਕੁਮਾਰ ਰਿੰਕੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਿਨੇਸ਼ ਧੀਰ, ਦੇਵ ਮੋਹਨ ਪੁਰੀ, ਸਾਬਕਾ ਪ੍ਰਧਾਨ ਅਸ਼ੋਕ ਮੋਗਲਾ, ਕੌਂਸਲਰ ਪਵਨ ਕਨੌਜੀਆ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਸ਼ਿਵ ਮੰਦਿਰ ਚੌੜਾ ਖੂਹ ਦੇ ਪ੍ਰਧਾਨ ਰਾਕੇਸ਼ ਕੁਮਾਰ ਨੀਟੂ, ਰਾਜਾ ਗੁਰਪ੍ਰੀਤ ਸਿੰਘ, ਯੂਥ ਕਾਂਗਰਸ ਦੇ ਪ੍ਰਧਾਨ ਗੁਰਿੰਦਰ ਸਿੰਘ ਗੋਲਡੀ, ਮਾਧਵ ਗੁਪਤਾ, ਸਮਾਜ ਸੇਵੀ ਡਿੰਪਲ ਟੰਡਨ, ਸਤਪਾਲ ਅਰੋੜਾ, ਸਤਪਾਲ ਮਨਚੰਦਾ, ਰੰਮੀ ਗੁਪਤਾ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਪਿਆਰਾ ਲਾਲ ਭੱਟੀ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।