50 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ
ਸੋਧ 7 ਨੰਬਰ ਫਾਈਲ : 50 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ
Publish Date: Sat, 09 May 2026 09:09 PM (IST)
Updated Date: Sat, 09 May 2026 09:11 PM (IST)

ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਭੁਲੱਥ : ਭੁਲੱਥ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਤਹਿਸੀਲ ਚੌਂਕ ਵਿਚ ਮੌਜੂਦ ਸੀ ਤਾਂ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਭੁਲੱਥ ਵਿਖੇ ਖੱਸਣ ਰੋਡ ’ਤੇ ਸ਼ਮਸ਼ਾਨ ਘਾਟ ਵਿਚ ਇਕ ਵਿਅਕਤੀ ਜੋ ਕਿ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ ਤੇ ਹੁਣ ਵੀ ਉਹ ਉਥੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਜੇਕਰ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਮੁਖ਼ਬਰ ਤੋਂ ਮਿਲੀ ਇਤਲਾਹ ਮੁਤਾਬਕ ਪੁਲਿਸ ਪਾਰਟੀ ਨੇ ਰੇਡ ਕੀਤੀ ਤਾਂ ਉਨ੍ਹਾਂ ਦੇਖਿਆ ਕਿ ਸ਼ਮਸ਼ਾਨ ਘਾਟ ਦੇ ਗੇਟ ਦੇ ਨਜ਼ਦੀਕ ਇਕ ਮੋਨਾ ਵਿਅਕਤੀ ਖੜ੍ਹਾ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਉਸ ਨੇ ਹੱਥ ਵਿਚ ਫੜਿਆ ਮੋਮੀ ਲਿਫਾਫਾ ਗੇਟ ਨੇ ਨਜ਼ਦੀਕ ਸੁੱਟ ਦਿੱਤਾ ਤੇ ਮੌਕੇ ਤੋਂ ਭੱਜਣ ਲੱਗਾ, ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਲਖਵਿੰਦਰ ਸਿੰਘ ਉਰਫ ਨਿਕਾ ਪੁੱਤਰ ਰਾਮ ਸਿੰਘ ਵਾਸੀ ਤਲਵੰਡੀ ਝੰਡੇਰ ਥਾਣਾ ਕਰਤਾਰਪੁਰ ਦੱਸਿਆ। ਉਸ ਵੱਲੋਂ ਸੁੱਟੇ ਗਏ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿਚੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ’ਤੇ ਕਾਰਵਾਈ ਕਰਦੇ ਹੋਏ ਭੁਲੱਥ ਪੁਲਿਸ ਵੱਲੋਂ ਉਕਤ ਵਿਅਕਤੀ ’ਤੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।