ਸਿਰਫ਼ 1 ਸਾਲ 10 ਮਹੀਨੇ ਦੀ ਉਮਰ ‘ਚ ਕਰ ਦਿਖਾਇਆ ਹੈਰਾਨੀਜਨਕ ਕਾਰਨਾਮਾ
ਸਿਰਫ਼ 1 ਸਾਲ 10 ਮਹੀਨੇ ਦੀ ਉਮਰ ‘ਚ ਕਰ ਦਿਖਾਇਆ ਹੈਰਾਨੀਜਨਕ ਕਾਰਨਾਮਾ
Publish Date: Tue, 14 Apr 2026 06:55 PM (IST)
Updated Date: Tue, 14 Apr 2026 06:57 PM (IST)
ਫਗਵਾੜਾ ਦੀ ਵਰਿਹਾ ਹਾਂਡਾ ਨੇ ਇੰਡੀਆ ਬੁੱਕ ਆਫ ਰਿਕਾਰਡਜ਼ ’ਚ ਦਰਜ ਕਰਵਾਇਆ ਨਾਂ
ਫਗਵਾੜਾ : ਫਗਵਾੜਾ ਦੀ ਧੀ ਵਰਿਹਾ ਹਾਂਡਾ ਨੇ ਬਹੁਤ ਛੋਟੀ ਉਮਰ ਵਿੱਚ ਇੱਕ ਅਜਿਹਾ ਕਾਰਨਾਮਾ ਕਰ ਦਿਖਾਇਆ ਹੈ ਜਿਹੜਾ ਹਰ ਕਿਸੇ ਦੇ ਦਿਲ ਨੂੰ ਖੁਸ਼ੀ ਨਾਲ ਭਰ ਦੇਵੇਗਾ। ਸਿਰਫ਼ 1 ਸਾਲ ਤੇ 10 ਮਹੀਨੇ ਦੀ ਉਮਰ ਵਿੱਚ ਵਰਿਹਾ ਨੇ ਇੰਡੀਆ ਬੁੱਕ ਆਫ਼ ਰਿਕਾਰਡਜ਼ (ਆਈਬੀਆਰ) ਵਿੱਚ ਆਪਣਾ ਨਾਂ ਦਰਜ ਕਰਵਾ ਕੇ ਪਰਿਵਾਰ ਤੇ ਸ਼ਹਿਰ ਨੂੰ ਮਾਣ ਮਹਿਸੂਸ ਕਰਵਾਇਆ ਹੈ। ਵਰਿਹਾ ਦੇ ਮਾਤਾ ਸ਼ਿਵਾਨੀ ਹਾਂਡਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਅੱਠ ਵੱਖ-ਵੱਖ ਸ਼੍ਰੇਣੀਆਂ ਵਿੱਚ ਆਪਣੀ ਅਸਾਧਾਰਨ ਪਛਾਣ ਯੋਗਤਾ ਦਾ ਪ੍ਰਦਰਸ਼ਨ ਕਰ ਕੇ ਇਹ ਕਾਰਨਾਮਾ ਕੀਤਾ ਹੈ। ਇੰਨੀ ਛੋਟੀ ਉਮਰ ਵਿੱਚ ਵਰਿਹਾ ਦੀ ਯਾਦਦਾਸ਼ਤ ਅਤੇ ਸਿੱਖਣ ਦੀ ਗਤੀ ਹੈਰਾਨ ਕਰਨ ਵਾਲੀ ਹੈ।
ਵਰਿਹਾ ਦੇ ਪਿਤਾ ਪੁਨੀਤ ਹਾਂਡਾ ਨੇ ਦੱਸਿਆ ਕਿ ਉਨ੍ਹਾਂ ਨੇ ਵਰਿਹਾ ਦੀਆਂ ਗਤੀਵਿਧੀਆਂ ਦੇ ਵੀਡੀਓ ਰਿਕਾਰਡ ਕੀਤੇ ਅਤੇ ਉਨ੍ਹਾਂ ਨੂੰ ਆਈਬੀਆਰ ਨੂੰ ਭੇਜਿਆ, ਜਿਸ ਤੋਂ ਬਾਅਦ ਉਸ ਦੀ ਪ੍ਰਤਿਭਾ ਨੂੰ ਅਧਿਕਾਰਤ ਤੌਰ ’ਤੇ ਮਾਨਤਾ ਦਿੱਤੀ ਗਈ ਅਤੇ ਉਸ ਨੂੰ ਰਿਕਾਰਡ ਬੁੱਕ ਵਿੱਚ ਸ਼ਾਮਲ ਕਰਦਿਆਂ ਸਰਟੀਫਿਕੇਟ, ਮੈਡਲ ਦੇ ਨਾਲ ਗਿਫਟ ਪੈਕ ਭੇਜ ਕੇ ਹੌਸਲਾ ਅਫਜਾਈ ਕੀਤੀ ਗਈ। ਉਸ ਦੀਆਂ ਪ੍ਰਾਪਤੀਆਂ ਵਿੱਚ ਅੰਗਰੇਜ਼ੀ ਵਰਣਮਾਲਾ ਨੂੰ ਪਛਾਣਨਾ, ਆਵਾਜਾਈ ਦੇ ਪੰਜ ਸਾਧਨਾਂ ਦੀ ਪਛਾਣ ਕਰਨਾ, ਨੌਂ ਵੱਖ-ਵੱਖ ਆਕਾਰਾਂ ਨੂੰ ਪਛਾਣਨਾ, ਰੰਗਾਂ ਦੀ ਪਹਿਚਾਣ, ਸਰੀਰ ਦੇ 15 ਅੰਗਾਂ ਦੀ ਪਛਾਣ ਕਰਨਾ ਸਮੇਤ ਅੱਠ ਵੱਖ-ਵੱਖ ਸ਼੍ਰੇਣੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਸ਼ਾਮਲ ਹੈ। ਇੰਨੀ ਛੋਟੀ ਉਮਰ ਵਿੱਚ ਇਹ ਪ੍ਰਾਪਤੀ ਨਾ ਸਿਰਫ਼ ਉਸ ਦੇ ਪਰਿਵਾਰ ਲਈ ਸਗੋਂ ਪੂਰੇ ਫਗਵਾੜਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ। ਵਰਿਹਾ ਦੀ ਸਫਲਤਾ ਇਸ ਗੱਲ ਦਾ ਸਬੂਤ ਹੈ ਕਿ ਪ੍ਰਤਿਭਾ ਉਮਰ ਦੀ ਮੁਥਾਜ ਨਹੀਂ ਹੁੰਦੀ। ਇਸ ਸ਼ਾਨਦਾਰ ਪ੍ਰਾਪਤੀ ’ਤੇ ਨੰਨ੍ਹੀ ਵਰਿਹਾ ਨੂੰ ਉੱਜਵਲ ਭਵਿੱਖ ਦੀਆਂ ਸ਼ੁੱਭ ਇੱਛਾਵਾਂ ਅਤੇ ਹਾਂਡਾ ਪਰਿਵਾਰ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਵਰਿਹਾ ਦੇ ਦਾਦਾ ਵਰਿੰਦਰ ਹਾਂਡਾ, ਦਾਦੀ ਵੀਨਾ ਹਾਂਡਾ, ਨਾਨਾ ਅਨਿਲ ਮੇਹਨ, ਨਾਨੀ ਪੂਨਮ ਮੇਹਨ, ਤਾਇਆ ਸੁਮਿਤ ਹਾਂਡਾ, ਤਾਈ ਸ਼ਿਖਾ ਹਾਂਡਾ, ਮਾਮਾ ਮੋਹਿਤ ਮੇਹਨ ਅਤੇ ਮਾਮੀ ਅੰਜਲੀ ਮੇਹਨ ਨੇ ਵੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀ ਇਹ ਹੋਣਹਾਰ ਧੀ ਜ਼ਿੰਦਗੀ ਵਿੱਚ ਸਫਲਤਾ ਦੀਆਂ ਉਚਾਈਆਂ ਪ੍ਰਾਪਤ ਕਰਦੇ ਹੋਏ ਪਰਿਵਾਰ ਦਾ ਨਾਂ ਰੌਸ਼ਨ ਕਰੇਗੀ।