‘ਆਪ’ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਕੀਤੇ ਪੂਰੇ : ਭਾਟੀਆ
ਆਪ ਦੇ ਲੋਕਾ ਨਾਲ ਕੀਤੇ ਸਾਰੇ ਵਾਅਦੇ ਕੀਤੇ ਪੂਰੇ ,ਭਾਟੀਆ
Publish Date: Mon, 16 Mar 2026 07:26 PM (IST)
Updated Date: Mon, 16 Mar 2026 07:28 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਵਿਚ ਜਦੋਂ ਤੋਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣੀ ਤੇ ਮੁੱਖ ਮੰਤਰੀ ਵਜੋਂ ਭਗਵੰਤ ਸਿੰਘ ਮਾਨ ਨੇ ਕਮਾਨ ਸੰਭਾਲੀ, ਤਾਂ ਪਾਰਟੀ ਦੇ ਆਗੂਆਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਦਾਅਵਾ ਕੀਤਾ। ਪਾਰਟੀ ਦੇ ਸਰਪ੍ਰਸਤ ਅਰਵਿੰਦ ਕੇਜਰੀਵਾਲ ਵੀ ਕਈ ਵਾਰ ਪੰਜਾਬ ਆ ਕੇ ਇਹ ਗੱਲ ਦੋਹਰਾਉਂਦੇ ਰਹੇ ਕਿ ਰਾਜ ਦੀ ਰਾਜਨੀਤੀ ਨੂੰ ਇਮਾਨਦਾਰ ਦਿਸ਼ਾ ਵਿਚ ਲੈ ਕੇ ਜਾਣਾ ਹੀ ਉਨ੍ਹਾਂ ਦਾ ਮਕਸਦ ਹੈ। ਸੂਬਾ ਸਰਕਾਰ ਨੇ ਜੋ ਵਾਅਦੇ ਆਪਣੇ ਚੋਣ ਮੈਨੀਫੈਸਟੋ ਵਿਚ ਆਮ ਲੋਕਾਂ ਨਾਲ ਕੀਤੇ ਸਨ, ਉਨ੍ਹਾਂ ਨੂੰ ਚਾਰ ਸਾਲਾ ਵਿਚ ਹੀ ਇੰਨ-ਬਿੰਨ ਪੂਰਾ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਭਾਟੀਆ, ਬਲਾਕ ਇੰਚਾਰਜ ਸਮਰ ਗੁਪਤਾ, ਬਲਾਕ ਇੰਚਾਰਜ ਬਲਵੀਰ ਠਾਕੁਰ ਨੇ ਕਿਹਾ ਕਿ ਸਰਕਾਰ ਨੇ ਕਈ ਵੱਡੇ ਕਦਮ ਚੁੱਕੇ ਜਿਨ੍ਹਾਂ ਵਿਚ ਮਹਿਲਾਵਾਂ ਦੇ ਸਨਮਾਨ ਲਈ ਹਰ ਮਹੀਨੇ 1,000 ਰੁਪਏ ਦੀ ਯੋਜਨਾ, ਐੱਸਸੀ ਵਰਗ ਲਈ ਸਹਾਇਤਾ ਵਧਾਈ ਗਈ ਤੇ ਮਹਿਲਾਵਾਂ ਨੂੰ 1,500 ਰੁਪਏ ਦਿੱਤੇ ਜਾਣਗੇ। 10 ਲੱਖ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਗਏ। ਇਸਦੇ ਨਾਲ 600 ਯੂਨਿਟ ਤੱਕ ਮੁਫ਼ਤ ਬਿਜਲੀ ਦੀ ਸੁਵਿਧਾ ਤੇ ਬਜ਼ੁਰਗਾਂ ਲਈ ਤੀਰਥ ਯਾਤਰਾ ਵਰਗੀਆਂ ਯੋਜਨਾਵਾਂ ਨੂੰ ਵੀ ਉਜਾਗਰ ਕੀਤਾ ਗਿਆ। ਨੌਜਵਾਨਾਂ ਲਈ ਲਗਭਗ 65 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ, ਹੜ੍ਹ ਪੀੜਤਾਂ ਨੂੰ 20 ਹਜ਼ਾਰ ਤੱਕ ਮੁਆਵਜ਼ਾ ਦਿੱਤਾ ਗਿਆ ਤੇ ਕਿਸਾਨਾਂ ਲਈ ਨਹਿਰੀ ਪਾਣੀ ਤੇ ਖੇਤਾਂ ਲਈ ਨਿਰਵਿਘਨ ਬਿਜਲੀ ਦੀ ਵਿਵਸਥਾ ਕੀਤੀ ਗਈ। ਨਸ਼ਿਆਂ ਦੇ ਖ਼ਾਤਮੇ ਲਈ ਮੁਹਿੰਮ ਚਲਾਈ ਗਈ ਤੇ ਗੈਂਗਸਟਰਾਂ ਦੇ ਖ਼ਿਲਾਫ਼ ਕਾਰਵਾਈਆਂ ਤੇਜ਼ ਕੀਤੀਆਂ ਗਈਆਂ। ਇਸਦੇ ਨਾਲ ਸੁਰੱਖਿਆ ਲਈ ਸੜਕ ਸੁਰੱਖਿਆ ਫੋਰਸ ਬਣਾਈ ਗਈ। ਵਿਕਾਸ ਦੇ ਮੋਰਚੇ ’ਤੇ ਵੀ ਸਰਕਾਰ ਨੇ ਦਾਅਵਾ ਕੀਤਾ ਕਿ 43 ਹਜ਼ਾਰ ਕਿਲੋਮੀਟਰ ਤੱਕ ਸੜਕਾਂ ਦਾ ਨਿਰਮਾਣ ਕੀਤਾ ਗਿਆ, 881 “ਆਮ ਆਦਮੀ ਕਲੀਨਿਕ” ਖੋਲ੍ਹੇ ਗਏ ਤੇ ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਲਈ ਵੱਡੇ ਕਦਮ ਚੁੱਕੇ ਗਏ। ਇਨ੍ਹਾਂ ਆਗੂਆਂ ਨੇ ਕਿਹਾ ਕਿ ਇਹ ਸਾਰੇ ਕਦਮ ਲੋਕਾਂ ਦੀ ਜ਼ਿੰਦਗੀ ਸੁਧਾਰਨ ਲਈ ਲਏ ਗਏ ਹਨ ਤੇ ਆਪ ਸਰਕਾਰ ਦਾ ਮਕਸਦ ਹੈ ਕਿ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾ ਲੁੱਟ-ਖਸੁੱਟ ਤੋਂ ਬਿਨਾਂ ਪ੍ਰਾਪਤ ਹੋਣ, ਜਿਸ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰਾ ਕਾਮਯਾਬ ਹੋਈ ਹੈ।