ਸਟੇਟ ਗੁਰਦੁਆਰਾ ਸਾਹਿਬ ’ਚ ਸਰਬੱਤ ਦੇ ਭਲੇ ਲਈ ਕਰਵਾਇਆ ਧਾਰਮਿਕ ਸਮਾਗਮ
ਸਟੇਟ ਗੁਰਦੁਆਰਾ ਸਾਹਿਬ ਦੇ ਸਮੂਹ ਮੁਲਾਜ਼ਮਾਂ ਨੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ
Publish Date: Sat, 21 Feb 2026 10:24 PM (IST)
Updated Date: Sat, 21 Feb 2026 10:27 PM (IST)

--ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮੁੱਚੀ ਮਨੁੱਖਤਾ ਲਈ ਕਲਿਆਣਕਾਰੀ : ਜਥੇ. ਡੋਗਰਾਂਵਾਲ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਟੇਟ ਗੁਰਦੁਆਰਾ ਸਾਹਿਬ ਵਿਖੇ ਸੇਵਾਵਾਂ ਨਿਭਾ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੁਲਾਜ਼ਮਾਂ ਵੱਲੋਂ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਦੇ ਸਹਿਯੋਗ ਨਾਲ ਸਟੇਟ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਹਜ਼ੂਰੀ ਰਾਗੀ ਭਾਈ ਪਲਵਿੰਦਰ ਸਿੰਘ ਸਾਰੰਗ ਨੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਸਤਨਾਮ ਸਿੰਘ ਹੈੱਡ ਗ੍ਰੰਥੀ ਨੇ ਕਥਾ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਹਰੇਕ ਇਨਸਾਨ ਨੂੰ ਆਪਣੇ ਸੁਖਾਂਤ ਤੇ ਦੁਖਾਂਤ ਵਿਚ ਧੁਰ ਕੀ ਬਾਣੀ ਦਾ ਆਸਰਾ ਜ਼ਰੂਰ ਲੈਣਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮੁੱਚੀ ਮਾਨਵਤਾ ਨੂੰ ਵਹਿਮਾਂ-ਭਰਮਾਂ ਤੋਂ ਮੁਕਤ ਕਰਕੇ ਨਿਰਭਉ, ਨਿਰਵੈਰ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤਾਂ ਨੂੰ ਅਪਨਾਉਣ ਲਈ ਪ੍ਰੇਰਿਤ ਕਰਦੀ ਹੈ। ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਨੇ ਸਮੂਹ ਹਾਜ਼ਰ ਮੁਲਾਜ਼ਮਾਂ ਨੂੰ ਗੁਰਬਾਣੀ ਆਧਾਰਿਤ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ ਹੈ। ਸੰਗਤਾਂ ਦਾ ਧੰਨਵਾਦ ਕਰਦਿਆਂ ਇੰਚਾਰਜ ਭਾਈ ਕੁਲਵਿੰਦਰ ਸਿੰਘ ਤੇ ਹਜ਼ੂਰੀ ਗ੍ਰੰਥੀ ਭਾਈ ਮੋਹਕਮ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਵਿਸ਼ਵਾਸ ਤੇ ਦ੍ਰਿੜਤਾ ਬਣਾਈ ਰੱਖਣ ਦੀ ਪ੍ਰੇਰਨਾ ਦਿੱਤੀ। ਸਮਾਗਮ ਦੇ ਅੰਤ ਵਿਚ ਭਾਈ ਸ਼ੇਰ ਸਿੰਘ ਨੇ ਗੁਰੂ ਪਾਤਸ਼ਾਹ ਸਨਮੁੱਖ ਸਮੁੱਚੇ ਮੁਲਾਜ਼ਮਾਂ ਦੀ ਤੰਦਰੁਸਤੀ, ਚੜਦੀ ਕਲਾ, ਆਪਸੀ ਪਿਆਰ ਵਿਸ਼ਵਾਸ ਅਤੇ ਨੌਕਰੀ ਦੌਰਾਨ ਹੋਰ ਵਧੀਆ ਕਾਰਗੁਜ਼ਾਰੀ ਅਤੇ ਗੁਰਬਾਣੀ ਪ੍ਰਤੀ ਹੋਰ ਸੱਚੀ ਸ਼ਰਧਾ ਤੇ ਦ੍ਰਿੜਤਾ ਦੀ ਅਰਦਾਸ ਕੀਤੀ। ਇਸ ਮੌਕੇ ਸਮੂਹ ਮੁਲਾਜ਼ਮਾਂ ਨੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਜਥੇ. ਜਰਨੈਲ ਸਿੰਘ ਡੋਗਰਾਂਵਾਲ ਨੇ ਧਾਰਮਿਕ ਆਗੂ ਸੁਖਵਿੰਦਰ ਮੋਹਨ ਸਿੰਘ ਭਾਟੀਆ, ਅਮਰਬੀਰ ਸਿੰਘ ਲਾਲੀ ਸਾਬਕਾ ਚੇਅਰਮੈਨ, ਸੁਖਦੇਵ ਸਿੰਘ ਕਾਦੂਪੁਰ, ਇੰਚਾਰਜ ਭਾਈ ਕੁਲਵਿੰਦਰ ਸਿੰਘ, ਭਾਈ ਸਤਨਾਮ ਸਿੰਘ ਹੈੱਡ ਗ੍ਰੰਥੀ, ਭਾਈ ਮੋਹਕਮ ਸਿੰਘ, ਭਾਈ ਹਰਦਿਆਲ ਸਿੰਘ ਤੇ ਬੀਬੀ ਦਵਿੰਦਰ ਕੌਰ ਸਾਹਨੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਈ ਕੁਲਵਿੰਦਰ ਸਿੰਘ ਬੱਲੀ, ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ, ਭਾਈ ਅਮਰਜੀਤ ਸਿੰਘ ਸਡਾਨਾ, ਸੁਖਵਿੰਦਰ ਮੋਹਨ ਸਿੰਘ, ਗੁਰਸਿਮਰਨ ਸਿੰਘ, ਭਾਈ ਸੁਖਦੇਵ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਭਾਈ ਅਜੀਤ ਸਿੰਘ, ਸਰਬਜੀਤ ਸਿੰਘ ਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹਾਜ਼ਰ ਸਨ।