ਆਪ ਸਰਕਾਰ ਵੱਲੋਂ ਰਾਸ਼ਨ ਕਿੱਟਾਂ ਵੰਡਣ ’ਤੇ ਭੜਕੇ ਅਕਾਲੀ
ਆਪ ਸਰਕਾਰ ਵੱਲੋਂ ਰਾਸ਼ਨ ਕਿੱਟਾਂ ਵੰਡਣ ਤੇ ਅੱਗ ਬਬੂਲਾ ਹੋਏ ਅਕਾਲੀ ਆਗੂ
Publish Date: Fri, 22 May 2026 07:49 PM (IST)
Updated Date: Fri, 22 May 2026 07:52 PM (IST)

ਆਪ ਸਰਕਾਰ ਆਪਣੀ ਪਾਵਰ ਦੀ ਦੁਰਵਰਤੋਂ ਕਰ ਰਹੀ : ਅਕਾਲੀ ਆਗੂ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਦੀ ਆਪ ਸਰਕਾਰ ਵੱਲੋਂ ਰਾਸ਼ਨ ਕਿੱਟਾਂ ਵੰਡਣ ’ਤੇ ਹਲਕਾ ਸੁਲਤਾਨਪੁਰ ਲੋਧੀ ਦੇ ਅਕਾਲੀ ਆਗੂਆਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਮੌਕੇ ’ਤੇ ਜਾ ਕੇ ਕਿੱਟਾਂ ਵੰਡਣ ਦਾ ਵਿਰੋਧ ਵੀ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹ ਸਮਾਂ ਚੋਣ ਜ਼ਾਬਤੇ ਦਾ ਹੈ ਤੇ ਇਸ ਦੌਰਾਨ ਵੋਟਰਾਂ ਨੂੰ ਅਜਿਹਾ ਸਮਾਨ ਵੰਡਣਾ ਸ਼ਰੇਆਮ ਜ਼ਾਬਤੇ ਦੀ ਉਲੰਘਣਾ ਹੈ। ਉਨ੍ਹਾਂ ਦਸਿਆ ਕਿ ਇਹ ਮਾਮਲਾ ਸਥਾਨਕ ਚੋਣ ਅਧਿਕਾਰੀ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਹੀ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਮਾਨ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ ਹੈ। ਵਾਰਡ ਨੰਬਰ 9 ਤੋਂ ਸਾਡਾ ਉਮੀਦਵਾਰ ਸਿਮਰਜੀਤ ਧੀਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰ ਰਿਹਾ ਹੈ, ਜਿਸ ਨੂੰ ਹਰਾਉਣ ਲਈ ਅਜਿਹੇ ਲਾਲਚ ਵੋਟਰਾਂ ਨੂੰ ਦਿੱਤੇ ਜਾ ਰਹੇ ਹਨ ਪਰ ਹਲਕੇ ਦਾ ਵੋਟਰ ਬਹੁਤ ਸਿਆਣੇ ਹਨ ਜੋ ਖਰੇ-ਖੋਟੇ ਉਮੀਦਵਾਰ ਦੀ ਪਹਿਚਾਣ ਕਰਕੇ ਹੀ ਵੋਟ ਪਾਉਣਗੇ। ਉਨ੍ਹਾਂ ਕਿਹਾ ਕਿ ਇਹ ਚੋਣਾਂ ਅਜੇ ਸਰਕਾਰ ਲਈ ਇਕ ਟ੍ਰੇਲਰ ਹੀ ਹਨ ਜਦਕਿ ਅਸਲੀ ਫਿਲਮ 2027 ਦੀਆਂ ਚੋਣਾਂ ਵਿਚ ਪੰਜਾਬ ਸਰਕਾਰ ਨੂੰ ਵੇਖਣ ਨੂੰ ਮਿਲੇਗੀ। ਅਕਾਲੀ ਆਗੂਆਂ ਨੇ ਇਹ ਵੀ ਦੋਸ਼ ਲਗਇਆ ਕਿ ਇਹ ਸਭ ਕੁਝ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਖਮਿਆਜ਼ਾ ਮੌਜੂਦਾ ਸਰਕਾਰ ਨੂੰ ਇਨ੍ਹਾਂ ਨਗਰ ਕੌਂਸਲ ਚੋਣਾਂ ਵਿਚ ਭੁਗਤਨਾ ਪਵੇਗਾ। ਇਸ ਮੌਕੇ ਇੰਜ. ਸਵਰਨ ਸਿੰਘ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਕੁਲਦੀਪ ਸਿੰਘ ਬੂਲੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੁਆਬਾ ਜ਼ੋਨ ਐੱਸਸੀ ਵਿੰਗ, ਸਾਬਕਾ ਚੇਅਰਮੈਨ ਅਵਤਾਰ ਸਿੰਘ ਮੀਰੇ, ਯੂਥ ਅਕਾਲੀ ਆਗੂ ਇੰਦਰਜੀਤ ਸਿੰਘ ਜੋਸਨ, ਬਲਾਕ ਪ੍ਰਧਾਨ ਸਰਪੰਚ ਮਨਜੀਤ ਸਿੰਘ ਗੋਲਡੀ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਹਾਜੀਪੁਰ, ਜਥੇਦਾਰ ਸਤਨਾਮ ਸਿੰਘ ਰਾਣੇ, ਯੂਥ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਰਬਾਰਾ ਸਿੰਘ ਵਿਰਦੀ, ਬੀਬੀ ਬਲਜੀਤ ਕੌਰ ਕਮਾਲਪੁਰ, ਯੂਥ ਆਗੂ ਵਿਕਰਮਜੀਤ ਸਿੰਘ ਬਿੱਕਾ, ਵਾਰਡ ਨੰਬਰ 9 ਤੋਂ ਅਕਾਲੀ ਦਲ ਦੇ ਉਮੀਦਵਾਰ ਸਿਮਰਜੀਤ ਧੀਰ ਆਦਿ ਵੀ ਹਾਜ਼ਰ ਸਨ। ਇਸ ਸਬੰਧ ਵਿਚ ਚੋਣ ਅਧਿਕਾਰੀ ਕਮ ਐੱਸਡੀਐੱਮ ਅਮਨਪਾਲ ਸਿੰਘ ਨੂੰ ਵਾਰ-ਵਾਰ ਫੋਨ ਕਰਨ ’ਤੇ ਵੀ ਉਨ੍ਹਾਂ ਫੋਨ ਨਹੀਂ ਚੁੱਕਿਆ। ਉਨ੍ਹਾਂ ਦੇ ਦਫਤਰ ਨਾਲ ਸੰਪਰਕ ਕਰਨ ’ਤੇ ਸਟੈਨੋ ਜਗਦੀਸ਼ ਲਾਲ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਤੇ ਸਬੰਧਤ ਜਗ੍ਹਾ ’ਤੇ ਟੀਮ ਭੇਜ ਦਿੱਤੀ ਗਈ ਹੈ।